15 ਤੋਂ CBSE ਪ੍ਰੀਖਿਆਵਾਂ : ਸ਼ਹਿਰ ਦੇ 30 ਪ੍ਰੀਖਿਆ ਕੇਂਦਰਾਂ ’ਤੇ 30737 ਪ੍ਰੀਖਿਆਰਥੀ ਹੋਣਗੇ ਅਪੀਅਰ
Monday, Feb 13, 2023 - 06:01 PM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨਲ (ਸੀ. ਬੀ. ਐੱਸ. ਈ.) ਦੀ ਕਲਾਸ 10ਵੀਂ ਤੇ 12ਵੀਂ ਦੀ ਟਰਮ-2 ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਪ੍ਰੀਖਿਆ ਕੇਂਦਰਾਂ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਕੋਰੋਨਾ ਤੋਂ ਬਾਅਦ ਇਸ ਵਾਰ ਸਿਰਫ਼ ਇਕ ਹੀ ਟਰਮ ’ਚ ਇਹ ਪ੍ਰੀਖਿਆਵਾਂ ਹੋ ਰਹੀਆਂ ਹਨ। ਸ਼ਹਿਰ ’ਚ 10ਵੀਂ, 16146 ਅਤੇ 12ਵੀਂ ਦੇ 14591 ਕੁਲ 30737 ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ’ਚ ਹਿੱਸਾ ਲੈਣਗੇ। 30 ਕੇਂਦਰਾਂ ’ਤੇ ਇਹ ਪ੍ਰੀਖਿਆ ਆਯੋਜਿਤ ਹੋਵੇਗੀ ਭਾਵੇਂ ਪਿਛਲੇ ਸਾਲ ਇਨ੍ਹਾਂ ਪ੍ਰੀਖਿਆ ਕੇਂਦਰਾਂ ਦੀ ਗਿਣਤੀ 35 ਸੀ, ਜਿਸ ਵਿਚ ਇਸ ਵਾਰ ਕਮੀ ਕੀਤੀ ਗਈ ਹੈ। ਪ੍ਰੀਖਿਆ ਕੇਂਦਰ ’ਤੇ ਇਕ ਕਮਰੇ ’ਚ 24 ਵਿਦਿਆਰਥੀਆਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ, ਜਦਕਿ ਪਿਛਲੇ ਸਾਲ ਕੋਰੋਨਾ ਕਾਰਨ ਸਿਰਫ਼ 18 ਵਿਦਿਆਰਥੀਆਂ ਨੂੰ ਹੀ ਇਕ ਕਮਰੇ ’ਚ ਬੈਠਕ ਦੀ ਮਨਜ਼ੂਰੀ ਸੀ, ਜਿਸ ਕਰਨ ਇਸ ਵਾਰ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਘੱਟ ਕੀਤੀ ਗਈ। 15 ਫਰਵਰੀ ਤੋਂ ਇਹ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ। ਪ੍ਰੀਖਿਆਵਾਂ ਨੂੰ ਲੈ ਕੇ ਸ਼ਹਿਰ ਦੇ ਲਗਭਗ ਸਾਰੇ ਪ੍ਰੀਖਿਆ ਕੇਂਦਰਾਂ ’ਚ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਬਿਧੀਪੁਰ ਤੋਂ ਲੈ ਕੇ ਰਾਮਾ ਮੰਡੀ ਤੱਕ ਬਣੇ ਚੌਕਾਂ ’ਚ ਹੋਵੇਗਾ ਵੱਡਾ ਬਦਲਾਅ
ਐਡਮਿਟ ਕਾਰਡ ਲਿਆਉਣਾ ਹੋਵੇਗਾ ਨਾਲ
ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਕੇਂਦਰ ’ਤੇ ਆਉਂਦੇ ਸਮੇਂ ਐਡਮਿਟ ਕਾਰਡ ਤੋਂ ਇਲਾਵਾ ਆਪਣੇ ਸਕੂਲ ਦਾ ਆਈ. ਡੀ. ਕਾਰਡ ਵੀ ਲਿਆਉਣਾ ਹੋਵੇਗਾ। ਵਿਦਿਆਰਥੀਆਂ ਨੂੰ ਪ੍ਰੀਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੀਗੀ। 10 ਵਜੇ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ’ਚ ਐਂਟਰੀ ਮਿਲੇਗੀ, ਜਿਸ ਤੋਂ ਬਾਅਦ ਪ੍ਰੀਖਿਆ ’ਚ ਉਹ ਸ਼ਾਮਲ ਨਹੀਂ ਹੋ ਸਕਣਗੇ।
ਕਈ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ
ਕੁਝ ਸਕੂਲਾਂ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਸਕੂਲ ਘਰ ਤੋਂ ਬਹੁਤ ਦੂਰ ਬਣਾਏ ਗਏ ਹਨ। ਇਸ ਵਿਚ ਵਿਦਿਆਰਥੀਆਂ ਲਈ ਇਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸ਼ਹਿਰ ’ਚ ਵੱਖ-ਵੱਖ ਸਥਾਨਾਂ ’ਤੇ ਪੁਲ ਅਤੇ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ। ਇਸ ਤਰ੍ਹਾਂ ਵਿਚ ਟ੍ਰੈਫਿਕ ਸਮੱਸਿਆ ਕਿਤੇ ਜ਼ਿਆਦਾ ਵਧ ਗਈ ਹੈ। ਦੂਜੇ ਪਾਸੇ ਪ੍ਰੀਖਿਆ ਕੇਂਦਰ ਵੀ ਮੁੱਖ ਮਾਰਗ ਤੋਂ ਦੂਰ ਹਨ। ਇਸ ਦੌਰਾਨ ਉਹ ਕਿਵੇਂ ਸਮੇਂ ’ਤੇ ਪ੍ਰੀਖਿਆ ਕੇਂਦਰ ਪੁੱਜਣਗੇ, ਇਹ ਵੀ ਇਕ ਵੱਡੀ ਸਮਸਿਆ ਹੈ। ਬੋਰਡ ਨੂੰ ਸਾਰੇ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਇਸ ਤਰ੍ਹਾਂ ਕਰਨਾ ਚਾਹੀਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਕਿਸੇ ਵਜ੍ਹਾ ਨਾਲ ਕੋਈ ਪ੍ਰੀਖਿਆ ਕੇਂਦਰ ’ਚ ਦੇਰੀ ਨਾਲ ਪੁੱਜਦਾ ਹੈ ਤਾਂ ਬੋਰਡ ਵਲੋਂ ਉਸ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ ਲਈ ਭਾਜਪਾ ਬਣਾਉਣ ਲੱਗੀ ਰਣਨੀਤੀ, ਆਉਣ ਵਾਲੇ ਦਿਨਾਂ 'ਚ ਹੋ ਸਕਦੈ ਵੱਡਾ ਧਮਾਕਾ
ਲਗਭਗ ਸਾਰੇ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕਰ ਲਿਆ ਗਿਆ ਹੈ। ਸਾਰੇ ਸੈਂਟਰਾਂ ਨੇ ਪ੍ਰੀਖਿਆ ਨੂੰ ਲੈ ਕੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਲਈ ਵੀ ਇੰਤਜ਼ਾਮ ਕਰਨ ਲਈ ਸੈਂਟਰਾਂ ’ਚ ਬੋਲ ਦਿੱਤਾ ਗਿਆ ਹੈ। ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਲਈ 4 ਫਲਾਇੰਗ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ।
- ਡਾ. ਏ. ਪੀ. ਸ਼ਰਮਾ, ਸਿਟੀ ਕੋਆਡੀਨੇਅਰ (ਸੀ. ਬੀ. ਐੱਸ. ਈ.)
ਸਾਡੇ ਇੱਥੇ ਪ੍ਰੀਖਿਆ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਤਿਆਰੀ ਪੂਰੀ ਹੈ, ਉੱਥੇ ਸਾਡੇ ਸਕੂਲ ਦੇ ਵਿਦਿਆਰਥੀ ਕਿਸੇ ਹੋਰ ਸਕੂਲ ਵਿਚ ਪ੍ਰੀਖਿਆ ਦੇਣ ਲਈ ਜਾਣਗੇ। ਉਹ ਸਮੇਂ ’ਤੇ ਪ੍ਰੀਖਿਆ ਕੇਂਦਰ ’ਤੇ ਪੁੱਜਣ ਅਤੇ ਚੰਗੀ ਤਰ੍ਹਾਂ ਪ੍ਰੀਖਿਆ ਦੇਣ, ਇਸ ਦੇ ਲਈ ਵੀ ਸਕੂਲ ਨੇ ਪੂਰੇ ਪ੍ਰਬੰਧ ਕੀਤੇ ਹਨ।
-ਡਾ. ਸਤਵੰਤ ਕੌਰ ਭੁੱਲਰ, ਪ੍ਰਿੰਸੀਪਲ ਡੀ. ਏ. ਵੀ. ਪੱਖੋਵਾਲ।
ਇਹ ਵੀ ਪੜ੍ਹੋ : ਖਿੜੀ ਧੁੱਪ ’ਚ ਠੰਡੀਆਂ ਹਵਾਵਾਂ ਨੇ ਬਰਕਰਾਰ ਰੱਖੀ ਸੀਤ, ਅਗਲੇ ਪੰਜ ਦਿਨ ਮੌਸਮ ਰਹੇਗਾ ਖੁਸ਼ਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ