ਪੰਜਾਬ ਦੇ ਇਸ ਟੋਲ ਪਲਾਜ਼ਾ ਨੂੰ 20 ਰੁਪਏ ਵੱਧ ਵਸੂਲਣੇ ਪਏ ਮਹਿੰਗੇ, ਲੱਗਾ ਮੋਟਾ ਜੁਰਮਾਨਾ

06/07/2023 3:25:23 PM

ਗੋਨਿਆਣਾ (ਗੋਰਾ ਲਾਲ) : 20 ਰੁਪਏ ਵੱਧ ਵਸੂਲਣ ’ਤੇ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਬਠਿੰਡਾ ਨੇ ਕੋਟ ਕਰੋਰਾ ਕਲਾਂ ਟੋਲ ਪਲਾਜ਼ਾ ਤਲਵੰਡੀ ਭਾਈ ਵਾਲਿਆ ਨੂੰ 3,000 ਜੁਰਮਾਨਾ ਠੋਕ ਦਿੱਤਾ। ਵਕੀਲ ਰਾਮ ਮਨੋਹਰ ਨੇ ਦੱਸਿਆ ਕਿ ਮਿਤੀ 15 ਜਨਵਰੀ, 2022 ਨੂੰ ਸਵੇਰੇ 8.11 ਮਿੰਟ ’ਤੇ ਜਦੋਂ ਉਹ ਆਪਣੀ ਕਾਰ ’ਤੇ ਕੋਟ ਕਰੋਰਾ ਕਲਾਂ ਟੋਲ ਪਲਾਜ਼ਾ ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ ਤੋਂ ਨਿਕਲ ਰਹੇ ਸਨ ਤਾਂ ਟੋਲ ਪਲਾਜ਼ਾ ਵਾਲਿਆ ਨੇ ਉਨ੍ਹਾਂ ਦੇ ਪੇ. ਟੀ. ਐੱਮ. ਖਾਤੇ ਦੇ ਅਕਾਊਂਟ ਜੋ ਕਿ ਫੈਸਟੈਂਗ ਨਾਲ ਜੁੜਿਆ ਹੋਇਆ ਸੀ, ਉਸ ਵਿੱਚੋਂ 40 ਰੁਪਏ ਕੱਟ ਲਏ। ਫਿਰ ਜਦੋਂ ਉਹ ਮੁੜ ਤੋਂ ਸ਼ਾਮ ਨੂੰ 4.10 ਮਿੰਟ ’ਤੇ ਉਕਤ ਟੋਲ ਪਲਾਜ਼ਾ ਤੋਂ ਹੁੰਦੇ ਹੋਏ ਵਾਪਸ ਆਏ ਤਾਂ ਟੋਲ ਪਲਾਜ਼ਾ ਵਾਲਿਆਂ ਨੇ ਨਾਜਾਇਜ਼ ਤੌਰ ’ਤੇ ਮੁੜ ਫਿਰ ਉਨ੍ਹਾਂ ਦੇ ਪੇ. ਟੀ. ਐੱਮ. ਖਾਤੇ ਵਿੱਚੋਂ 40 ਰੁਪਏ ਕੱਟ ਲਏ। ਨਿਯਮਾਂ ਅਨੁਸਾਰ 24 ਘੰਟਿਆਂ ’ਚ ਮੁੜ ਤੋਂ ਟੋਲ ਕਰਾਸ ਕਰਨ ’ਤੇ ਅੱਧੇ ਪੈਸੇ ਕੱਟੇ ਜਾਣ ਦਾ ਨਿਯਮ ਹੈ ਪਰ ਟੋਲ ਪਲਾਜ਼ਾ ਵਾਲਿਆਂ ਨੇ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ 20 ਰੁਪਏ ਵੱਧ ਵਸੂਲ ਲਏ।

ਇਹ ਵੀ ਪੜ੍ਹੋ- ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ BJP ਨੇ ਉਲੀਕੀ ਵੱਡੀ ਰਣਨੀਤੀ, ਪੰਜਾਬ 'ਚ ਦੋ ਵਿਸ਼ਾਲ ਰੈਲੀਆਂ ਕਰਨਗੇ ‘ਸ਼ਾਹ’

ਵਕੀਲ ਰਾਮ ਮਨੋਹਰ ਵੱਲੋਂ ਉਕਤ ਮਾਮਲੇ ਦੇ ਸਬੰਧ ’ਚ ਮਿਤੀ 17 ਜਨਵਰੀ, 2022 ਨੂੰ ਟੋਲ ਪਲਾਜ਼ਾ ਦੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਰਿਕਾਰਡ ਨੂੰ ਚੈੱਕ ਕਰਨ ਤੋਂ ਬਾਅਦ ਵੱਧ ਵਸੂਲ ਕੀਤੀ ਗਈ ਰਕਮ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਵਾਪਸ ਕਰ ਦਿੱਤਾ ਜਾਵੇਗਾ। ਕਈ ਮਹੀਨੇ ਬੀਤਣ ਦੇ ਬਾਅਦ ਵੀ ਵੱਧ ਵਸੂਲੀ ਗਈ ਰਕਮ ਨੂੰ ਟੌਲ ਪਲਾਜ਼ਾ ਵਾਲਿਆ ਵੱਲੋਂ ਵਾਪਸ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ- ਅਮਰੀਕਾ ਤੋਂ ਆਏ ਸ਼ਖ਼ਸ ਤੋਂ ਸੁਣੋ ਖੇਤੀ ਦੇ ਨੁਕਤੇ, ਦੱਸਿਆ ਕਿਉਂ ਵਧੇਰੇ ਤਰੱਕੀ ਕਰ ਰਹੇ ਨੇ ਵਿਦੇਸ਼ੀ ਕਿਸਾਨ

ਵਕੀਲ ਵੱਲੋਂ ਮਿਤੀ 4 ਅਗਸਤ, 2022 ਨੂੰ ਕੋਟ ਕਰੋਰਾ ਕਲਾਂ ਟੋਲ ਪਲਾਜ਼ਾ ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆਂ ਦੇ ਖ਼ਿਲਾਫ਼ 20 ਰੁਪਏ ਵੱਧ ਵਸੂਲਣ ਦੇ ਸਬੰਧ ’ਚ ਮਾਣਯੋਗ ਜ਼ਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਗਿਆ। ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦੇ ਪ੍ਰਧਾਨ ਲਲਿਤ ਮੋਹਨ ਡੋਗਰਾ ਅਤੇ ਮੈਂਬਰ ਸ਼ਿਵਦੇਵ ਸਿੰਘ ਨੇ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਕੋਟ ਕਰੋਰਾ ਕਲਾਂ ਟੋਲ ਪਲਾਜ਼ਾ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ 20 ਰੁਪਏ 9 ਫ਼ੀਸਦੀ ਵਿਆਜ ਸਮੇਤ ਅਤੇ 3,000/- ਰੁਪਏ ਜੁਰਮਾਨੇ ਵਜੋਂ 45 ਦਿਨਾਂ ਦੇ ਅੰਦਰ-ਅੰਦਰ ਖ਼ਪਤਕਾਰ ਨੂੰ ਅਦਾ ਕਰਨ।  

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News