3 ਮੰਜ਼ਿਲਾ ਇਮਾਰਤ ਡਿਗਣ ''ਤੇ ''ਕੈਪਟਨ'' ਵਲੋਂ ਸਖਤ ਨਿਰਦੇਸ਼, ਮਾਲਕ ਖਿਲਾਫ ਮਾਮਲਾ ਦਰਜ
Monday, Feb 10, 2020 - 09:26 AM (IST)
ਮੋਹਾਲੀ (ਵਿਨੋਦ) : ਖਰੜ-ਲਾਂਡਰਾ ਰੋਡ 'ਤੇ ਸ਼ਨੀਵਾਰ ਨੂੰ 3 ਮੰਜ਼ਿਲਾ ਇਮਾਰਤ ਡਿਗਣ ਤੋਂ ਬਾਅਦ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੇ ਨਿਰਦੇਸ਼ ਦਿੱਤੇ ਹਨ, ਉੱਥੇ ਹੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰਿਸ਼ ਦਿਆਲਨ ਨੇ ਵੀ ਜ਼ਿਲੇ 'ਚ ਬਣੀਆਂ ਸਾਰੀਆਂ ਬਹੁ ਮੰਜ਼ਿਲਾ ਇਮਾਰਤਾਂ ਦੀ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ। ਨਾਲ ਹੀ ਸਮਾਂ ਵੀ ਨਿਰਧਾਰਿਤ ਕਰ ਦਿੱਤਾ ਹੈ। ਐਤਵਾਰ ਨੂੰ ਖਰੜ ਪੁਲਸ ਨੇ ਅੰਬਿਕਾ ਗਰੁੱਪ ਦੇ ਮਾਲਕ ਪਰਵੀਨ ਕੁਮਾਰ ਤੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਡੀ. ਸੀ. ਗਿਰੀਸ਼ ਦਿਆਲਨ ਨੇ ਜ਼ਿਲੇ ਦਾ ਸਾਰੇ ਸਬ ਡਵੀਜ਼ਨਾਂ ਦੇ ਐੱਸ. ਡੀ. ਐੱਮਜ਼ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਜਲਦੀ ਆਪੋ-ਆਪਣੇ ਇਲਾਕਿਆਂ ਦਾ ਦੌਰਾ ਕਰਕੇ ਜਾਂਚ ਕਰਨ ਅਤੇ ਉੱਥੇ ਕਿੰਨੀਆਂ ਇਮਾਰਤਾਂ ਬਣੀਆਂ ਹੋਈਆਂ ਹਨ, ਉਨ੍ਹਾਂ 'ਚ ਕਿਸ ਤਰ੍ਹਾਂ ਦਾ ਮਟੀਰੀਅਲ ਇਸਤੇਮਾਲ ਕੀਤਾ ਗਿਆ ਹੈ, ਕੀ ਮਾਲਕ ਨੇ ਇਮਾਰਤ ਦਾ ਨਕਸ਼ਾ ਪਾਸ ਕਰਵਾਇਆ ਹੈ?, ਇਨ੍ਹਾਂ 'ਚੋਂ ਜਿੰਨੀਆਂ ਇਮਾਰਤਾਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਹਨ ਜਾਂ ਫਿਰ ਬਣਾਈਆਂ ਜਾ ਰਹੀਆਂ ਹਨ, ਉਨ੍ਹਾਂ ਦੀ ਇਕ ਲਿਸਟ ਤਿਆਰ ਕੀਤੀ ਜਾਵੇ।