3 ਸੂਬਿਆਂ ਦੇ 5 ਸ਼ਹਿਰਾਂ ਲਈ ਸ਼ੁਰੂ ਹੋਏਗੀ ਏ. ਸੀ. ਬੱਸ ਸਰਵਿਸ
Saturday, Jul 21, 2018 - 07:09 AM (IST)

ਚੰਡੀਗਡ਼੍ਹ, (ਰਾਜਿੰਦਰ)- ਚੰਡੀਗਡ਼੍ਹ ਪ੍ਰਸ਼ਾਸਨ ਦਾ ਟਰਾਂਸਪੋਰਟ ਡਿਪਾਰਟਮੈਂਟ ਅਗਸਤ ਦੇ ਅਖੀਰਲੇ ਹਫ਼ਤੇ ’ਚ ਤਿੰਨ ਰਾਜਾਂ ਦੇ ਵੱਖ-ਵੱਖ ਸ਼ਹਿਰਾਂ ਲਈ ਏਅਰ ਕੰਡੀਸ਼ਨਰ ਬੱਸ ਸਰਵਿਸ ਸ਼ੁਰੂ
ਕਰੇਗਾ।
ਇਸ ’ਚ ਰਾਜਸਥਾਨ ਦੇ ਜੈਪੁਰ ਤੇ ਸ਼੍ਰੀਗੰਗਾਨਗਰ, ਉੱਤਰਾਖੰਡ ਦੇ ਰਿਸ਼ੀਕੇਸ਼ ਤੇ ਦੇਹਰਾਦੂਨ ਅਤੇ ਯੂ. ਪੀ. ਦਾ ਆਗਰਾ ਸ਼ਹਿਰ ਸ਼ਾਮਲ ਹੈ। ਵਿਭਾਗ ਨੇ 40 ਸੈਮੀ ਡੀਲਕਸ ਬੱਸਾਂ ਖਰੀਦਣ ਲਈ ਟਾਟਾ ਮੋਟਰਜ਼ ਨੂੰ ਪਹਿਲਾਂ ਹੀ ਆਰਡਰ ਕੀਤਾ ਹੋਇਆ ਹੈ। ਹਰ ਇਕ ਬੱਸ ਦੀ ਕੀਮਤ 37 ਲੱਖ ਰੁਪਏ ਦੇ ਲਗਭਗ ਹੈ, ਇਸ ਲਈ 40 ਬੱਸਾਂ 19 ਕਰੋਡ਼ ਰੁਪਏ ’ਚ ਪੈਣਗੀਆਂ।
47 ਸੀਟਾਂ ਹੋਣਗੀਆਂ
ਹਰ ਇਕ ਬੱਸ ’ਚ 47 ਸੀਟਾਂ ਹੋਣਗੀਆਂ। ਸਾਮਾਨ ਰੱਖਣ ਦਾ ਪ੍ਰਬੰਧ ਤੇ ਨਾਲ ਹੀ ਇਸ ਵਿਚ ਏਅਰ ਕੰਡੀਸ਼ਨਿੰਗ ਤੇ ਹੀਟਿੰਗ ਦੀ ਵੀ ਸਹੂਲਤ ਹੋਵੇਗੀ। ਨਾਲ ਹੀ ਫਰੰਟ ਡੈਸਟੀਨੇਸ਼ਨ ਬੋਰਡ ਐੱਲ. ਈ. ਡੀ. ਬੇਸਡ ਹੋਵੇਗਾ ਤੇ ਲੋਕਾਂ ਦੇ ਮਨੋਰੰਜਨ ਲਈ ਐੱਲ. ਸੀ. ਡੀ. ਟੈਲੀਵਿਜ਼ਨ ਦਾ ਵੀ ਪ੍ਰਬੰਧ ਹੋਵੇਗਾ। ਅਜੇ ਫਿਲਹਾਲ ਸੀ. ਟੀ. ਯੂ. ਦੀਅਾਂ ਲਾਂਗ ਰੂਟਾਂ ’ਤੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਤੇ ਹਰਿਆਣਾ ਲਈ 160 ਨਾਨ-ਏਅਰ ਕੰਡੀਸ਼ਨਿੰਗ ਬੱਸਾਂ ਚੱਲ ਰਹੀਆਂ ਹਨ। ਉਥੇ ਹੀ 20 ਏ. ਸੀ. ਬੱਸਾਂ ਦਿੱਲੀ ਤੇ ਸ਼ਿਮਲਾ ਲਈ ਚੱਲ ਰਹੀਆਂ ਹਨ। ਪ੍ਰਸ਼ਾਸਨ ਦੀ ਨਵੀਂ ਬੱਸ ਸਰਵਿਸ ਲੋਕਾਂ ਦੀ ਜੇਬ ’ਤੇ ਕੁਝ ਭਾਰ ਵੀ ਪਾਵੇਗੀ। ਯੂ. ਟੀ. ਟਰਾਂਸਪੋਰਟ ਡਾਇਰੈਕਟਰ ਅਮਿਤ ਤਲਵਾਡ਼ ਨੇ ਦੱਸਿਆ ਕਿ ਅਗਸਤ ਦੇ ਅੰਤ ’ਚ ਬੱਸ ਸਰਵਿਸ ਸ਼ੁਰੂ ਕਰ ਦੇਵਾਂਗੇ। ਅਗਸਤ ’ਚ ਉਨ੍ਹਾਂ ਨੂੰ 40 ਸੈਮੀ ਡੀਲਕਸ ਬੱਸਾਂ ਮਿਲ ਜਾਣਗੀਆਂ। ਯੂ. ਪੀ. ਸਰਕਾਰ ਨਾਲ ਬੱਸਾਂ ਚਲਾਉਣ ਸਬੰਧੀ ਉਨ੍ਹਾਂ ਦੀ ਗੱਲ ਚੱਲ ਰਹੀ ਹੈ।
20 ਫ਼ੀਸਦੀ ਜ਼ਿਆਦਾ ਦੇਣਾ ਹੋਵੇਗਾ ਕਿਰਾਇਅਾ
ਇਸ ਨਵੀਂ ਏ. ਸੀ. ਬੱਸ ਸਰਵਿਸ ਲਈ ਮੁਸਾਫਰਾਂ ਨੂੰ 20 ਫ਼ੀਸਦੀ ਜ਼ਿਆਦਾ ਕਿਰਾਇਆ ਦੇਣਾ ਹੋਵੇਗਾ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਏਅਰ ਕੰਡੀਸ਼ਨਰ ਬੱਸਾਂ ’ਚ ਉਹ ਸਹੂਲਤਾਂ ਜ਼ਿਆਦਾ ਦੇ ਰਹੇ ਹਨ, ਇਸ ਲਈ ਇਸਦਾ ਕਿਰਾਇਆ ਵੀ ਜ਼ਿਆਦਾ ਹੀ ਹੋਵੇਗਾ ਪਰ ਏ. ਸੀ. ਬੱਸਾਂ ਦੇ ਹਿਸਾਬ ਨਾਲ ਇੰਨਾ ਵਾਧਾ ਕੋਈ ਜ਼ਿਆਦਾ ਨਹੀਂ ਹੈ।
ਇਸ ਸਮੇਂ ਹੈ ਬੱਸਾਂ ਦੀ ਘਾਟ
ਇਸ ਸਮੇਂ ਵਿਭਾਗ ’ਚ ਬੱਸਾਂ ਦੀ ਭਾਰੀ ਘਾਟ ਹੈ। ਇਹੀ ਕਾਰਨ ਹੈ ਕਿ ਇੰਟਰ ਸਟੇਟ ਰੂਟਾਂ ਲਈ 55 ਪਰਮਿਟ ਦਾ ਇਸਤੇਮਾਲ ਨਹੀਂ ਹੋ ਰਿਹਾ ਹੈ। ਸੀ. ਟੀ. ਯੂ. ਕੋਲ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੇ ਰੂਟਾਂ ਲਈ 215 ਪਰਮਿਟ ਹਨ, ਜਿਨ੍ਹਾਂ ’ਚੋਂ ਬੱਸਾਂ ਦੀ ਘਾਟ ਹੋਣ ਕਾਰਨ ਸਿਰਫ 160 ਹੀ ਵਰਤੇ ਜਾ ਰਹੇ ਹਨ।