STF ਨੂੰ ਮਿਲੀ ਸਫ਼ਲਤਾ, ਸਾਢੇ 15 ਕਰੋੜ ਦੀ ਹੈਰੋਇਨ ਸਮੇਤ 3 ਸਮੱਗਲਰ ਗ੍ਰਿਫ਼ਤਾਰ

Wednesday, Nov 30, 2022 - 01:28 AM (IST)

STF ਨੂੰ ਮਿਲੀ ਸਫ਼ਲਤਾ, ਸਾਢੇ 15 ਕਰੋੜ ਦੀ ਹੈਰੋਇਨ ਸਮੇਤ 3 ਸਮੱਗਲਰ ਗ੍ਰਿਫ਼ਤਾਰ

ਲੁਧਿਆਣਾ (ਅਨਿਲ, ਨਰਿੰਦਰ) : ਐੱਸ. ਟੀ. ਐੱਫ. ਦੀ ਲੁਧਿਆਣਾ ਟੀਮ ਨੇ ਨਸ਼ਾ ਸਮੱਗਲਰਾਂ ਖਿਲਾਫ਼ ਛੇੜੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ 3 ਨਸ਼ਾ ਸਮੱਗਲਰਾਂ ਨੂੰ ਸਾਢੇ 15 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ ਐੱਸ. ਟੀ. ਐੱਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਅਤੇ ਡੀ. ਐੱਸ. ਪੀ. ਦਵਿੰਦਰ ਚੌਧਰੀ ਨੇ ਦੱਸਿਆ ਕਿ ਐੱਸ. ਟੀ. ਐੱਫ. ਲੁਧਿਆਣਾ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਦੀ ਪੁਲਸ ਟੀਮ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਕਾਰ ’ਚ 3 ਨਸ਼ਾ ਸਮੱਗਲਰ ਹੈਰੋਇਨ ਦੀ ਇਕ ਵੱਡੀ ਖੇਪ ਲੈ ਕੇ ਹੁਸ਼ਿਆਰਪੁਰ ਵੱਲੋਂ ਲੁਧਿਆਣਾ ਵੱਲ ਕਾਰ ’ਚ ਆ ਰਹੇ ਹਨ, ਜਿਸ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਲਾਡੋਵਾਲ ਬਾਈਪਾਸ ਨੇੜੇ ਨਾਕਾਬੰਦੀ ਕੀਤੀ ਪਰ ਉਕਤ ਕਾਰ ਸਵਾਰਾਂ ਨੇ ਉੱਥੋਂ ਕਾਰ ਨੂੰ ਭਜਾ ਲਿਆ। ਐੱਸ. ਟੀ. ਐੱਫ. ਨੇ ਕਾਰ ਦਾ ਪਿੱਛਾ ਕਰਦਿਆਂ ਉਕਤ ਕਾਰ ਚਾਲਕਾਂ ਨੂੰ ਫਿਰੋਜ਼ਪੁਰ ਰੋਡ ਤੋਂ ਗਿੱਲ ਪੁਲ ਵੱਲ ਜਾਣ ਵਾਲੇ ਰਸਤੇ ’ਤੇ ਪੁਲ ਕੋਲ ਕਾਬੂ ਕਰ ਲਿਆ, ਜਦੋਂ ਪੁਲਸ ਟੀਮ ਨੇ ਉਕਤ ਕਾਰ ਦੀ ਤਲਾਸ਼ੀ ਲਈ ਤਾਂ ਸੀਟ ਦੇ ਥੱਲੇ ਲੁਕੋ ਕੇ ਰੱਖੇ ਬੈਗ ’ਚੋਂ 3 ਕਿਲੋ 340 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਸਾਢੇ 15 ਕਰੋੜ ਕੀਮਤ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ ਵਾਲੀ ਥਾਂ ’ਤੇ ਪਹੁੰਚੀ ਮੰਤਰੀ ਅਨਮੋਲ ਗਗਨ ਮਾਨ, ਅਫ਼ਸਰਾਂ ਦੀ ਲਾਈ ਕਲਾਸ

ਪੁਲਸ ਟੀਮ ਨੇ ਤੁਰੰਤ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਪਛਾਣ ਵਿਕਾਸ ਗੁਪਤਾ ਬੰਟੀ (33) ਪੁੱਤਰ ਬਲਜਿੰਦਰ ਪਾਲ ਗੁਪਤਾ ਵਾਸੀ ਮੁਹੱਲਾ ਪ੍ਰੀਤ ਨਗਰ ਸ਼ਿਮਲਾਪੁਰੀ, ਗੁਰਪ੍ਰੀਤ ਸਿੰਘ ਪ੍ਰੀਤ (38) ਪੁੱਤਰ ਕਰਮ ਚੰਦ ਵਾਸੀ ਮੁਹੱਲਾ ਈਸ਼ਰ ਨਗਰ ਅਤੇ ਮਨਜਿੰਦਰ ਸਿੰਘ ਮਨੀ (27) ਪੁੱਤਰ ਹਰਜੀਤ ਸਿੰਘ ਵਾਸੀ ਗੁਰੂ ਨਾਨਕਪੁਰਾ ਰੁੜਕਾ ਚੌਕ ਡੇਹਲੋਂ ਦੇ ਰੂਪ ’ਚ ਕੀਤੀ ਹੈ। ਤਿੰਨੋਂ ਮੁਲਜ਼ਮਾਂ ਖਿਲਾਫ਼ ਐੱਸ. ਟੀ. ਐੱਫ. ਮੋਹਾਲੀ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਇਕਬਾਲ ਸਿੰਘ ਲਾਲਪੁਰਾ ਨੂੰ ਲਿਖਿਆ ਪੱਤਰ, ਕੀਤੇ ਇਹ ਸਵਾਲ

ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਸਮੱਗਲਰ ਵਿਕਾਸ ਗੁਪਤਾ ਮੁਹੱਲਾ ਪ੍ਰੀਤ ਨਗਰ ’ਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ, ਜੋ ਕਰੀਬ 7 ਸਾਲ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ, ਜਿਸ ’ਤੇ ਨਸ਼ਾ ਸਮੱਗਲਿੰਗ ਦੇ ਕਰੀਬ 4 ਕੇਸ ਦਰਜ ਹਨ, ਜਿਸ ਵਿੱਚ ਉਹ 2 ਕੇਸਾਂ ’ਚ ਸਜ਼ਾ ਵੀ ਕੱਟ ਚੁੱਕਾ ਹੈ, ਜਦੋਂਕਿ ਮੁਲਜ਼ਮ ਗੁਰਪ੍ਰੀਤ ਸਿੰਘ ਜੋ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ, ’ਤੇ ਲੜਾਈ-ਝਗੜੇ ਦੇ 4 ਕੇਸ ਦਰਜ ਹਨ। ਮੁਲਜ਼ਮ ਮਨਜਿੰਦਰ ਸਿੰਘ ਵੀ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਤਿੰਨੋਂ ਨਸ਼ਾ ਸਮੱਗਲਰ ਖੁਦ ਵੀ ਨਸ਼ਾ ਕਰਨ ਦੇ ਆਦੀ ਹਨ। ਤਿੰਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : OMG! 3.5 ਮਿੰਟ 'ਚ ਨਹੀਂ ਬਣੀ 'ਮੈਕਰੋਨੀ' ਤਾਂ ਔਰਤ ਨੇ ਕੰਪਨੀ 'ਤੇ ਠੋਕ'ਤਾ 40 ਕਰੋੜ ਦਾ ਮੁਕੱਦਮਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News