ਪੁਲਸ ਵਿਚ ਹਫੜਾ-ਦਫੜੀ, ਅੰਮ੍ਰਿਤਸਰ ਜੇਲ 'ਚੋਂ 3 ਕੈਦੀ ਕੰਧ ਤੋੜ ਕੇ ਫਰਾਰ

02/02/2020 5:30:01 PM

ਅੰਮ੍ਰਿਤਸਰ, (ਸੁਮਿਤ ਖੰਨਾ, ਅਵਦੇਸ਼)—ਬੀਤੀ ਰਾਤ ਅੰਮ੍ਰਿਤਸਰ ਜੇਲ 'ਚੋਂ ਤਿੰਨ ਕੈਦੀ ਫਰਾਰ ਹੋਣ ਨਾਲ ਪੁਲਸ 'ਚ ਹਫੜਾ-ਦਫੜੀ ਮਚ ਗਈ।ਇਹ ਸਾਰੇ ਜੇਲ ਦੀ ਪਿਛਲੀ ਕੰਧ ਤੋੜ ਕੇ ਫਰਾਰ ਹੋਏ ਹਨ। ਪੁਲਸ ਦੇ ਵੱਡੇ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਪੂਰੇ ਇਲਾਕੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ। ਉਥੇ ਹੀ, ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਜੇਲ ਦੇ 7 ਮੁਲਾਜ਼ਮਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ।

PunjabKesariਭੱਜੇ ਕੈਦੀਆਂ ਦੀ ਪਛਾਣ ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਤੇ ਵਿਸ਼ਾਲ ਵਜੋਂ ਹੋਈ ਹੈ। ਗੁਰਪ੍ਰੀਤ ਅਤੇ ਜਰਨੈਲ ਚੋਰੀ ਦੇ ਕੇਸ 'ਚ ਬੰਦ ਸਨ ਅਤੇ ਵਿਸ਼ਾਲ 'ਤੇ ਬਲਾਤਕਾਰ ਦਾ ਮਾਮਲਾ ਦਰਜ ਹੈ।

ਮੁੱਖ ਮੰਤਰੀ ਵੱਲੋਂ ਇਸ ਘਟਨਾ ਦੇ ਵਾਪਰਨ ਦੇ ਦੋ ਘੰਟਿਆਂ ਦੇ ਅੰਦਰ-ਅੰਦਰ ਏ. ਡੀ. ਜੀ. ਪੀ. ਜੇਲਾਂ ਨੂੰ ਜੇਲਾਂ ਦੀ ਸੁਰੱਖਿਆ ਪੂਰੀ ਚੌਕਸ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ, ਨਾਲ ਹੀ ਭੱਜਣ ਵਾਲੇ ਹਵਾਲਾਤੀਆਂ ਨੂੰ ਫੜਨ ਲਈ ਸੂਬੇ ਪੱਧਰ 'ਤੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ। ਸੀ. ਸੀ. ਟੀ. ਵੀ. ਫੁਟੇਜ 'ਚ ਭੱਜਣ ਵਾਲੇ ਹਵਾਲਾਤੀਆਂ ਨੇ ਬੈਰਕ ਤੋੜਦਿਆਂ ਜੇਲ ਦੀ ਅੰਦਰੂਨੀ ਤੇ ਬਾਹਰੀ ਦੀਵਾਰ ਟੱਪੀ ਹੈ। ਮੁੱਢਲੀਆਂ ਰਿਪੋਰਟਾਂ ਅਨੁਸਾਰ ਭੱਜਣ ਵਾਲੇ ਹਵਾਲਾਤੀਆਂ ਦਾ ਇਕ ਭਰਾ ਹਾਲੇ ਜੇਲ 'ਚ ਬੰਦ ਹੈ।
ਡੀ. ਜੀ. ਪੀ. ਦਿਨਕਰ ਗੁਪਤਾ ਮੁਤਾਬਕ, ਭੱਜਣ ਵਾਲਿਆਂ ਨੇ ਬੈਰਕ ਦੀ ਕੰਧ 'ਚੋਂ 10 ਇੱਟਾਂ ਕੱਢ ਕੇ ਮੋਗਰਾ ਬਣਾ ਲਿਆ ਸੀ। ਪਹਿਲਾਂ ਉਨ੍ਹਾਂ ਅੰਦਰੂਨੀ ਕੰਧ ਟੱਪੀ, ਜੋ ਕਿ 16 ਫੁਟ ਦੇ ਕਰੀਬ ਉੱਚੀ ਸੀ ਅਤੇ ਫਿਰ ਬਾਹਰੀ ਦੀਵਾਰ ਟੱਪੀ, ਜੋ ਕਿ 21 ਫੁੱਟ ਦੇ ਕਰੀਬ ਉੱਚੀ ਸੀ। ਇਸ ਨੂੰ ਟੱਪਣ ਲਈ ਉਨ੍ਹਾਂ ਸਟੀਲ ਬਾਰ ਦੀ ਹੁੱਕ ਦਾ ਇਸਤੇਮਾਲ ਕੀਤਾ ਅਤੇ ਪੌੜੀ ਬਣਾਉਣ ਲਈ ਰਜਾਈ ਦੇ ਕਵਰ ਦੀ ਵਰਤੋਂ ਕੀਤੀ ਤੇ ਅੰਤ 'ਚ ਉਹ ਟਾਵਰ ਨੰਬਰ 10 ਕੋਲੋਂ ਜੇਲ ਕੰਪਲੈਕਸ 'ਚੋਂ ਭੱਜ ਗਏ, ਜਿਹੜਾ ਸੀ. ਸੀ. ਟੀ. ਵੀ. 'ਚ ਕਵਰ ਨਹੀਂ ਹੁੰਦਾ।


Related News