ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਨਸ਼ੀਲੇ ਪਦਾਰਥਾਂ ਨਾਲ ਔਰਤ ਸਮੇਤ 3 ਮੈਂਬਰ ਗ੍ਰਿਫਤਾਰ

10/30/2017 7:17:13 PM

ਸੁਲਤਾਨਪੁਰ ਲੋਧੀ (ਧੀਰ)— ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਹੈਰੋਇਨ ਅਫੀਮ ਆਦਿ ਨਸ਼ਾ ਵੇਚਣ ਵਾਲੇ ਇਕ ਗੈਂਗ 'ਚ 1 ਔਰਤ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜਦਕਿ ਇਸ ਗੈਂਗ ਦਾ ਮੁੱਖ ਸਰਗਨ ਫਰਾਰ ਹੋਣ 'ਚ ਸਫਲ ਹੋ ਗਿਆ ਹੈ। 
ਇਸ ਸਬੰਧੀ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦਸਿਆ ਕਿ ਪੁਲਸ ਨੂੰ ਕਿਸੇ ਖਾਸ ਮੁਖਬਰ ਤੋਂ ਇਤਲਾਹ ਮਿਲੀ ਕਿ ਮੁਹੱਲਾ ਅਰੋੜਾ ਰਸਤਾ ਸੁਲਤਾਨਪੁਰ ਲੋਧੀ ਵਿਖੇ ਹਰਜੀਤ ਸਿੰਘ ਪੁੱਤਰ ਇੰਦਰ ਸਿੰਘ ਜੋ ਪਹਿਲਾਂ ਜੇਲ 'ਚ ਰਿਹਾ ਹੈ ਅਤੇ ਜਿਸ ਨੇ ਨਸ਼ਾ ਵੇਚਣ ਸਬੰਧੀ ਗੈਂਗ ਬਣਾਇਆ ਹੋਇਆ ਹੈ। ਉਸ ਦੇ ਆਧਾਰ 'ਤੇ ਏ. ਐੱਸ. ਆਈ. ਦਿਲਬਾਗ ਸਿੰਘ, ਏ. ਐੱਸ. ਆਈ. ਕਿਰਪਾਲ ਸਿੰਘਨੇ ਪੂਰੀ ਪੁਲਸ ਫੋਰਸ ਸਮੇਤ ਰੇਡ ਕੀਤੀ ਤਾਂ ਗੈਂਗ ਦਾ ਮੁੱਖ ਸਰਗਨਾ ਹਰਜੀਤ ਸਿੰਘ ਉਰਫ ਗੋਰੀ ਪੁਲਸ ਨੂੰ ਦੇਖ ਕੇ ਕੰਧ ਤੋਂ ਛਾਲ ਮਾਰ ਕੇ ਦੌੜਨ 'ਚ ਸਫਲ ਹੋ ਗਿਆ ਜਦਕਿ ਘਰ 'ਚੋਂ ਨਸ਼ਾ ਆਦਿ ਦਾ ਸਾਮਾਨ ਸਪਲਾਈ ਕਰਨ ਵਾਲੀ ਔਰਤ ਬਬਲੀ ਪਤਨੀ ਰਮੇਸ਼ ਕੁਮਾਰ ਵਾਸੀ ਆਲੀਕਾ ਥਾਣਾ ਰਤੀਆ ਜ਼ਿਲਾ ਫਤਿਆਬਾਦ ਹਰਿਆਣਾ, ਵਰਿੰਦਰ ਸਿੰਘ ਉਰਫ ਸੋਨੂੰ ਪੁੱਤਰ ਕਿਸਨ ਸਿੰਘ ਵਾਸੀ ਮੁਹੱਾ ਅਰੋੜਾ ਰਸਤਾ, ਦੇਸ ਰਾਜ ਪੁੱਤਰ ਸਾਧੂ ਰਾਮ ਵਾਸੀ ਆਲੀਕਾ ਥਾਣਾ ਰਤੀਆ ਜ਼ਿਲਾ ਫਤਿਆਬਾਦ ਹਰਿਆਣਾ ਨੂੰ ਮੌਕੇ 'ਤੇ ਗ੍ਰਿਫਤਾਰ ਕਰਕੇ ਵਰਿੰਦਰ ਉਰਫ ਸੋਨੂੰ ਤੋਂ 55 ਗ੍ਰਾਮ ਹੈਰੋਇਨ ਦੇਸ ਰਾਜ ਪਾਸੋਂ 130 ਗ੍ਰਾਮ ਨਸ਼ੀਲਾ ਪਦਾਰਥ ਤੇ ਔਰਤ ਬਬਲੀ ਪਾਸੋਂ 50 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਇਸ ਤੋਂ ਇਲਾਵਾ ਘਰ 'ਚੋਂ 90 ਗ੍ਰਾਮ ਨਸ਼ੀਲਾ ਪਾਊਡਰ, 20 ਗ੍ਰਾਮ ਅਫੀਮ, 850 ਗ੍ਰਾਮ ਨਸ਼ੀਲਾ ਪਦਾਰਥ ਦਾ ਨਵਾਂ ਪਾਊਡਰ ਜੋ ਉਕਤ ਗੈਂਗ ਨੇ ਘਰ ਦੇ ਬੈੱਡ 'ਤੇ ਖਿਲਾਰਿਆ ਹੋਇਆ ਸੀ ਤੋਂ ਇਲਾਵਾ ਇਕ ਕੰਡਾ ਖਾਲੀ ਡੱਬੀਆਂ ਬਰਾਮਦ ਕੀਤੀਆਂ ਹਨ। ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਗੈਂਗ ਕਾਫੀ ਲੰਬੇ ਸਮੇਂ ਤੋਂ ਅਜਿਹਾ ਧੰਦਾ ਕਰ ਰਿਹਾ ਸੀ ਅਤੇ ਘਰ 'ਚ ਹੀ ਉਹ ਸਾਮਾਨ ਤਿਆਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਫਰਾਰ ਹੋਇਆ ਉਕਤ ਗੈਂਗ ਦੇ ਸਰਗਨਾ ਹਰਜੀਤ ਸਿੰਘ ਆਪਣੀ ਪਤਨੀ ਸਮੇਤ ਜੋ ਕਿਸੇ ਮਾਮਲੇ 'ਚ ਜੇਲ 'ਚ ਸਜਾ ਕੱਟ ਕੇ ਆ ਚੁਕਾ ਹੈ ਅਤੇ ਉਸ ਦੀ ਜੇਲ 'ਚ ਹੀ ਨਸ਼ੀਲੇ ਪਦਾਰਥ ਨੂੰ ਸਪਲਾਈ ਕਰਨ ਵਾਲੀ ਉਕਤ ਔਰਤ ਬਬਲੀ ਤੇ ਦੇਸ ਰਾਜ ਦੇ ਸੰਪਰਕ 'ਚ ਆ ਗਿਆ ਤੇ ਜ਼ਮਾਨਤ ਤੋਂ ਛੁੱਟਣ ਤੋਂ ਬਾਅਦ ਬਬਲੀ ਤੇ ਦੇਸ ਰਾਜ ਉਸ ਨੂੰ ਅਫੀਮ ਸਪਲਾਈ ਕਰਦੇ ਸਨ ਜਿਸ 'ਚ ਉਹ ਬਾਅਦ 'ਚ ਉਕਤ ਅਫੀਮ 'ਚ ਹੈਰੋਇਨ ਤੇ ਨਸ਼ੀਲਾ ਪਦਾਰਥ ਮਿਲਾ ਕੇ ਅੱਗੇ ਆਪਣੇ ਗਾਹਕਾਂ ਨੂੰ ਸਪਲਾਈ ਕਰਦਾ ਸੀ। 
ਉਨ੍ਹਾਂ ਨੇ ਦੱਸਿਆ ਕਿ ਉਕਤ ਔਰਤ ਬਬਲੀ ਖਿਲਾਫ ਪਹਿਲਾ ਸ਼ਾਹਕੋਟ ਥਾਣੇ 'ਚ ਅੱਧਾ ਕਿੱਲੋ ਅਤੇ ਦੇਸ ਰਾਜ ਦੇ ਵਿਰੁੱਧ 1 ਕਿੱਲੋ ਅਫੀਮ ਦਾ ਕੇਸ ਦਰਜ ਹੈ ਤੇ ਅੱਜ ਵੀ ਉਹ ਭਾਰੀ ਮਾਤਰਾ 'ਚ ਅਫੀਮ ਗੋਰੀ ਨੂੰ ਦੇਣ ਲਈ ਆਏ ਸਨ। ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਉਕਤ ਫੜੇ ਗਏ ਤਿੰਨੋ ਮੁਲਜ਼ਮ ਵਰਿੰਦਰ ਉਰਫ ਸੋਨੂੰ, ਦੇਸ ਰਾਜ ਤੇ ਬਬਲੀ ਤੋਂ ਇਲਾਵਾ ਫਰਾਰ ਹੋਏ ਮੁੱਖ ਮੁਲਜ਼ਮ ਹਰਜੀਤ ਉਰਫ ਗੋਰੀ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਫਰਾਰ ਹੋਏ ਦੋਸ਼ੀ ਦੀ ਪੁਲਸ ਵੱਲੋਂ ਲਗਾਤਾਰ ਠਿਕਾਣਿਆ 'ਤੇ ਰੇਡ ਕੀਤੀ ਜਾ ਰਹੀ ਹੈ। ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


Related News