ਕਰਵਾਚੌਥ ਵਾਲੇ ਦਿਨ ਵਾਪਰੇ ਹਾਦਸੇ ਦੌਰਾਨ 3 ਲੋਕਾਂ ਦੀ ਮੌਤ, ਲਾਸ਼ਾਂ ਚੁੱਕਣ ਦੀ ਬਜਾਏ ਰਫ਼ੂਚੱਕਰ ਹੋਇਆ ਐਂਬੂਲੈਂਸ ਚਾਲਕ
Monday, Oct 25, 2021 - 09:56 AM (IST)
ਨਾਭਾ (ਜੈਨ, ਖੁਰਾਣਾ) : ਕਰਵਾਚੌਥ ਵਾਲੇ ਦਿਨ ਨਾਭਾ-ਭਾਦਸੋਂ ਰੋਡ ’ਤੇ ਇਕ ਕੰਬਾਈਨ ਫੈਕਟਰੀ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ’ਚ ਇਕ ਬਜ਼ੁਰਗ ਜਨਾਨੀ ਸਮੇਤ 3 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਇਕ ਡਰਾਈਵਰ ਸਮੇਤ 3 ਜਣੇ ਗੰਭੀਰ ਜ਼ਖਮੀ ਹੋ ਗਏ। ਹਾਦਸਾ ਭਾਰੀ ਬਾਰਸ਼ ਕਾਰਨ ਵਾਪਰਿਆ। ਜਾਣਕਾਰੀ ਅਨੁਸਾਰ ਪੰਚਕੂਲਾ (ਹਰਿਆਣਾ) ਤੋਂ ਇਕ ਪਰਿਵਾਰ ਇੱਥੇ ਮ੍ਰਿਤਕ ਰਿਸ਼ਤੇਦਾਰ ਦੇ ਘਰ ਅਫ਼ਸੋਸ ਕਰਨ ਲਈ ਆ ਰਿਹਾ ਸੀ ਕਿ ਰਸਤੇ ’ਚ ਹਾਦਸਾ ਵਾਪਰ ਗਿਆ। ਪੁਲਸ ਅਨੁਸਾਰ 2 ਗੱਡੀਆਂ ’ਚ ਸਿੱਧੀ ਟੱਕਰ ਹੋਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਅੱਖਾਂ ਦੀ ਰੌਸ਼ਨੀ ਵਾਪਸ ਪਾ ਸਕਣ ਵਾਲੇ 'ਨੇਤਰਹੀਣਾਂ' ਦਾ ਕਰਵਾਏਗੀ ਇਲਾਜ
ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਟੋਰੜਾ ਦੇ ਜਤਿੰਦਰ ਕੁਮਾਰ (41) ਪੁੱਤਰ ਰਘੁਵਰ ਦਾਸ ਅਤੇ ਉਸ ਦੇ ਦੋਸਤ ਹਰਵਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਦੂਜੀ ਕਾਰ ’ਚ ਸਵਾਰ 80 ਸਾਲਾ ਬਜ਼ੁਰਗ ਜਨਾਨੀ ਗੁਰਬਚਨ ਕੌਰ (ਵਾਸੀ ਹੀਰਾ ਮਹਿਲ ਕਾਲੋਨੀ) ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ਾਂ ਨੂੰ ਸਿਵਲ ਹਸਪਤਾਲ ਮੋਰਚਰੀ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦੋਂ ਕਿ ਜ਼ਖਮੀਆਂ ਨੂੰ ਐਮਰਜੈਂਸੀ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਜਨਾਨੀ ਦੇ ਬੇਟੇ ਨੇ ਦੱਸਿਆ ਕਿ ਅਸੀਂ ਪੰਚਕੂਲਾ ਤੋਂ ਹੀਰਾ ਮਹਿਲ ਕਾਲੋਨੀ ਨਾਭਾ ਆ ਰਹੇ ਸੀ ਕਿ ਹਾਦਸੇ ’ਚ ਮੇਰੀ ਮਾਤਾ ਦੀ ਮੌਤ ਹੋ ਗਈ, ਜਦੋਂ ਕਿ ਪਤਨੀ, ਬੇਟਾ ਤੇ ਡਰਾਈਵਰ ਫੱਟੜ ਹੋ ਗਏ। ਥਾਣਾ ਸਦਰ ਪੁਲਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਜੇਲ੍ਹ ਦੇ ਵਿਹੜੇ ’ਚ ਲੱਗੀ ਮਹਿੰਦੀ, ਬੰਦੀ ਔਰਤਾਂ ਨੇ ਰੱਖਿਆ ਕਰਵਾਚੌਥ ਦਾ ਵਰਤ
108 ਐਂਬੂਲੈਂਸ ਚਾਲਕ ਲਾਸ਼ਾਂ ਚੁੱਕਣ ਦੀ ਬਜਾਏ ਮੌਕੇ ਤੋਂ ਹੋਇਆ ਰਫੂਚੱਕਰ!
ਪੁਲਸ ਨੇ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਨਾਭਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਦੋਂਕਿ 108 ਐਂਬੂਲੈਂਸ ਗੱਡੀ ਦਾ ਮੁਲਜ਼ਮ ਮ੍ਰਿਤਕ ਦੇਹਾਂ ਨੂੰ ਚੁੱਕਣ ਤੋਂ ਨਾਂਹ ਕਰ ਕੇ ਉੱਥੋਂ ਰਫ਼ੂਚੱਕਰ ਹੋ ਗਿਆ। ਜਦੋਂ ਇਸ ਬਾਬਤ 108 ਐਂਬੂਲੈਂਸ ਦੇ ਮੁਲਾਜ਼ਮ ਨੂੰ ਪੁੱਛਿਆ ਕਿ ਤੁਸੀਂ ਲਾਸ਼ ਨੂੰ ਕਿਉਂ ਨਹੀਂ ਚੁੱਕ ਰਹੇ ਤਾਂ ਉਨ੍ਹਾਂ ਕਿਹਾ ਕਿ ਅਸੀਂ ਉੱਚ ਅਧਿਕਾਰੀਆਂ ਨੂੰ ਪੁੱਛਾਂਗੇ ਤਾਂ ਹੀ ਚੁੱਕਾਂਗੇ। ਉਨ੍ਹਾਂ ਨੇ ਲਾਸ਼ਾਂ ਚੁੱਕਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ