ਕੋਰੋਨਾ ਦਾ ਕਹਿਰ: ਪੰਜਾਬ ''ਚ 3 ਮਰੀਜ਼ਾਂ ਦੀ ਮੌਤ, 526 ਪਾਜ਼ੇਟਿਵ
Saturday, Jul 30, 2022 - 02:17 AM (IST)
ਲੁਧਿਆਣਾ (ਸਹਿਗਲ) : ਪੰਜਾਬ 'ਚ ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 526 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਦਿਨੋ-ਦਿਨ ਵੱਧਦੇ ਮਰੀਜ਼ਾਂ ਨੂੰ ਲੈ ਕੇ ਮਾਹਿਰਾਂ ਦਾ ਕਹਿਣਾ ਹੈ ਕਿ ਮਰੀਜ਼ ਵਧਣ ਦਾ ਕਾਰਨ ਸੂਬੇ 'ਚੋਂ ਘੱਟ ਸੈਂਪਲ ਜਾਂਚ ਦੇ ਲਈ ਭੇਜੇ ਜਾਣਾ ਵੀ ਹੈ ਕਿਉਂਕਿ ਬਹੁਤ ਸਾਰੇ ਮਰੀਜ਼ ਘੱਟ ਸੈਂਪਲਿੰਗ ਹੋਣ ਕਾਰਨ ਜਾਂਚ ਦੇ ਦਾਇਰੇ ਤੋਂ ਬਾਹਰ ਆ ਜਾਂਦੇ ਹਨ, ਜੋ ਬਾਅਦ ਵਿੱਚ ਦੂਜੇ ਲੋਕਾਂ ਨੂੰ ਵੀ ਸੰਕਰਮਿਤ ਕਰਨ ਦਾ ਕੰਮ ਕਰਦੇ ਹਨ। ਅੱਜ ਮਰਨ ਵਾਲੇ 3 ਮਰੀਜ਼ਾਂ 'ਚ ਇਕ ਮਰੀਜ਼ ਹੁਸ਼ਿਆਰਪੁਰ, ਇਕ ਲੁਧਿਆਣਾ ਤੇ ਇਕ ਮੋਗਾ ਦਾ ਹੈ। ਸੂਬੇ 'ਚ ਪਾਜ਼ੇਟਿਵਿਟੀ ਦਰ ਪਹਿਲਾਂ ਤੋਂ ਵੱਧ ਕੇ 4.49 ਫ਼ੀਸਦੀ ਹੋ ਗਈ ਹੈ। ਮੌਜੂਦਾ ਸਮੇਂ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 2992 ਦਰਜ ਕੀਤੀ ਗਈ ਹੈ, 473 ਮਰੀਜ਼ਾਂ ਨੂੰ ਠੀਕ ਹੋਣ 'ਤੇ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਹੋਏ ਕੋਰੋਨਾ ਪਾਜ਼ੇਟਿਵ, ਕੀਤੀ ਇਹ ਅਪੀਲ
ਜਿਨ੍ਹਾਂ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਉਨ੍ਹਾਂ 'ਚ ਮੋਹਾਲੀ ਤੋਂ 101, ਜਲੰਧਰ 74, ਲੁਧਿਆਣਾ 58, ਹੁਸ਼ਿਆਰਪੁਰ 36, ਅੰਮ੍ਰਿਤਸਰ 35, ਬਠਿੰਡਾ 34, ਪਟਿਆਲਾ ਅਤੇ ਰੋਪੜ ਤੋਂ 27-27, ਕਪੂਰਥਲਾ 25 ਤੇ ਸੰਗਰੂਰ ਤੋਂ 19 ਮਰੀਜ਼ ਸ਼ਾਮਲ ਹਨ। ਸ਼ੁੱਕਰਵਾਰ ਵੱਖ-ਵੱਖ ਜ਼ਿਲ੍ਹਿਆਂ 'ਚ 85 ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ, ਜਦਕਿ 12 ਨੂੰ ਆਈ.ਸੀ.ਯੂ. 'ਚ ਸ਼ਿਫਟ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ ਵਧਣ ਦੇ ਬਾਵਜੂਦ 11959 ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਥੋਂ ਤੱਕ ਵੈਕਸੀਨ ਦੀ ਗੱਲ ਹੈ, ਬੀਤੇ ਕੱਲ੍ਹ ਰਾਜ 'ਚ 10896 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ ਹੈ, ਜਿਨ੍ਹਾਂ 'ਚੋਂ 1469 ਲੋਕਾਂ ਨੇ ਪਹਿਲੀ, ਜਦਕਿ 9427 ਲੋਕਾਂ ਨੇ ਦੂਜੀ ਡੋਜ਼ ਲਗਵਾਈ। ਸੂਬੇ 'ਚ ਹੁਣ ਤੱਕ 773093 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ 20375 ਹੋ ਗਈ ਹੈ।
ਇਹ ਵੀ ਪੜ੍ਹੋ : ਇਨਸਾਨੀਅਤ ਦੀ ਮਿਸਾਲ ਕਾਇਮ ਕਰਦਿਆਂ ਔਰਤ ਨੇ ਆਪਣਾ ਦੁੱਧ ਪਿਲਾ ਗਲਹਿਰੀ ਦੇ ਬੱਚੇ ਦੀ ਬਚਾਈ ਜਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।