ਚੰਡੀਗੜ੍ਹ ''ਚ ''ਕੋਰੋਨਾ'' ਨੇ ਮਚਾਈ ਤੜਥੱਲੀ, ਡੇਢ ਸਾਲਾ ਬੱਚੇ ਸਮੇਤ 3 ਲੋਕਾਂ ਦੀ ਰਿਪੋਰਟ ਪਾਜ਼ੇਟਿਵ
Tuesday, May 26, 2020 - 09:21 AM (IST)
ਚੰਡੀਗੜ੍ਹ : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ ਅਤੇ ਸ਼ਹਿਰ 'ਚ ਰੋਜ਼ਾਨਾ ਵਾਇਰਸ ਦੇ ਵੱਡੀ ਗਿਣਤੀ 'ਚ ਮਾਮਲੇ ਸਾਹਮਣੇ ਆਏ ਹਨ। ਹੁਣ ਬਾਪੂਧਾਮ ਕਾਲੋਨੀ 'ਚ ਡੇਢ ਸਾਲਾ ਬੱਚੇ ਸਮੇਤ 3 ਨਵੇਂ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਮਾਮਲਿਆਂ ਤੋਂ ਬਾਅਦ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 279 ਤੱਕ ਪੁੱਜ ਗਈ ਹੈ, ਜਦੋਂ ਕਿ ਕੋਰੋਨਾ ਦੇ 88 ਐਕਟਿਵ ਕੇਸ ਚੱਲ ਰਹੇ ਹਨ।
ਸੋਮਵਾਰ ਨੂੰ ਇਕੱਠੇ ਆਏ 14 ਮਾਮਲੇ
ਸੋਮਵਾਰ ਨੂੰ ਇਕ ਵਾਰ ਫਿਰ ਬਾਪੂਧਾਮ ਕਾਲੋਨੀ ਤੋਂ 14 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਮਰੀਜ਼ਾਂ 'ਚ 46 ਅਤੇ 48 ਸਾਲਾਂ ਦੇ ਦੋ ਵਿਅਕਤੀ, 23, 24, 27 ਅਤੇ 25 ਸਾਲ ਦੇ 4 ਲੜਕੇ, 1, 5 ਅਤੇ 9 ਸਾਲ ਦੀਆਂ ਤਿੰਨ ਬੱਚੀਆਂ, 14 ਸਾਲਾਂ ਦਾ ਇਕ ਲੜਕਾ, 30, 31, 22 ਤੇ 25 ਸਾਲ ਦੀਆਂ 4 ਲੜਕੀਆਂ ਸ਼ਾਮਲ ਹਨ। ਸ਼ਹਿਰ 'ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਵਿਡ ਡਿਊਟੀ ਤੋਂ ਡਰ ਲੱਗਣ ਲੱਗਾ
ਸੈਕਟਰ-22 ਸਿਵਲ ਹਸਪਤਾਲ, ਸੈਕਟਰ-45 ਸਿਵਲ ਹਸਪਤਾਲ, ਸੈਕਟਰ-16 ਜਨਰਲ ਹਸਪਤਾਲ ਅਤੇ ਮਨੀਮਾਜਰਾ ਸਿਵਲ ਹਸਪਤਾਲ 'ਚ ਵੀ ਆਯੁਸ਼ ਡਾਕਟਰਾਂ ਦੀ ਡਿਊਟੀ ਲਾਈ ਹੋਈ ਹੈ ਅਤੇ ਉੱਥੋਂ ਦੇ ਹਾਲਾਤ ਅਜਿਹੇ ਹਨ ਕਿ ਫਲੂ ਕਲੀਨਿਕ 'ਚ ਆਉਣ ਵਾਲੇ ਬੁਖਾਰ ਦੇ ਮਰੀਜ਼ਾਂ ਨੂੰ ਵੀ ਇਲਾਜ ਲਈ ਆਯੂਰਵੈਦਿਕ ਡਾਕਟਰਾਂ ਦੇ ਅੱਗੇ ਕਰ ਦਿੱਤਾ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਵਿਡ ਡਿਊਟੀ ਕਰਨ ਤੋਂ ਪਰਹੇਜ਼ ਨਹੀਂ ਹਨ ਪਰ ਆਯੁਸ਼ ਦੇ ਡਾਕਟਰਾਂ ਨੂੰ ਕੋਵਿਡ ਨਾਲ ਸਬੰਧਿਤ ਟ੍ਰੇਨਿੰਗ ਤਾਂ ਦਿੱਤੀ ਜਾਵੇ ਤਾਂ ਜੋ ਡਾਕਟਰ ਕੋਵਿਡ ਡਿਊਟੀ ਕਰਦੇ ਹੋਏ ਨਾ ਘਬਰਾਉਣ। ਮੌਜੂਦਾ ਸਮੇਂ 'ਚ ਹਾਲਾਤ ਇਹ ਹਨ ਕਿ ਆਯੁਸ਼ ਦੇ ਡਾਕਟਰਾਂ ਨੂੰ ਕੋਵਿਡ ਡਿਊਟੀ ਤੋਂ ਡਰ ਲੱਗਣ ਲੱਗਾ ਹੈ।