3ਹੋਰ ਔਰਤਾਂ ਦੇ ਕੱਟੇ ਗਏ ਵਾਲ
Sunday, Aug 13, 2017 - 02:19 AM (IST)
ਗੁਰੂਹਰਸਹਾਏ, (ਆਵਲਾ, ਵਿਪਨ, ਭੀਮ)— ਪਿੰਡ ਚੱਕ ਮੇਘਾ ਰਾਏ ਬਹਿਰਾਮ 'ਚ ਅੱਜ ਸਵੇਰੇ 9 ਵਜੇ ਇਕ ਔਰਤ ਦੇ ਵਾਲ ਕੱਟੇ ਗਏ, ਜਿਸ ਨਾਲ ਇਲਾਕੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਸ ਘਟਨਾ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 38 ਸਾਲਾ ਰਣਜੀਤ ਕੌਰ ਪਤਨੀ ਬਲਵਿੰਦਰ ਸਿੰਘ ਜਦ ਨਹਾ ਕੇ ਵਿਹੜੇ ਵਿਚ ਮੰਜੇ 'ਤੇ ਬੈਠੀ ਹੋਈ ਸੀ, ਤਾਂ ਅਚਾਨਕ ਉਸਦੇ ਵਾਲ ਕੱਟੇ ਗਏ, ਜਿਸਨੂੰ ਦੇਖ ਕੇ ਰਣਜੀਤ ਕੌਰ ਹੈਰਾਨ ਪ੍ਰੇਸ਼ਾਨ ਹੋ ਗਈ ਤੇ ਬੇਹੋਸ਼ ਹੋ ਗਈ। ਖਬਰ ਲਿਖੇ ਜਾਣ ਤੱਕ ਪੁਲਸ ਇਸਦੀ ਕਾਰਵਾਈ ਕਰ ਰਹੀ ਹੈ।
ਤਲਵੰਡੀ ਭਾਈ (ਗੁਲਾਟੀ, ਪਾਲ)—ਪਿੰਡ ਠੇਠਰ ਕਲਾਂ 'ਚ ਬੀਤੀ ਸ਼ਾਮ ਤੋਂ ਬਾਅਦ ਇਕ ਹੋਰ ਔਰਤ ਦੇ ਵਾਲ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਤ ਕਰੀਬ 8 ਕੁ ਵਜੇ ਦੀ ਦੱਸੀ ਜਾ ਰਹੀ ਹੈ। ਕਮਲਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਠੇਠਰ ਕਲਾਂ ਆਪਣੇ ਘਰ ਰਸੋਈ ਦਾ ਕੰਮ ਕਰ ਰਹੀ ਸੀ। ਇਕ ਦਮ ਉਸਨੂੰ ਲੱਗਾ ਕਿ ਉਸਦੇ ਸਿਰ ਨਾਲ ਕੋਈ ਚੀਜ਼ ਟਕਰਾਈ ਹੈ, ਇਸ ਤੋਂ ਕੁਝ ਸਮੇਂ ਬਾਅਦ ਉਸਦੀ ਗੁੱਤ ਕੱਟ ਕੇ ਥੱਲੇ ਡਿੱਗ ਪਈ, ਜਿਸ ਤੋਂ ਬਾਅਦ ਉਸਦੇ ਰੌਲਾ ਪਾਉਣ 'ਤੇ ਲੋਕ ਇਕੱਠੇ ਹੋਏ। ਬੀਤੀ ਸ਼ਾਮ ਵੀ ਇਸੇ ਹੀ ਪਿੰਡ ਦੀ ਸੁਖਪ੍ਰੀਤ ਕੌਰ ਪਤਨੀ ਗੁਰਲਾਲ ਸਿੰਘ ਉਮਰ ਕਰੀਬ 30 ਸਾਲਾ ਵਾਸੀ ਠੇਠਰ ਕਲਾਂ ਨੇ ਦੱਸਿਆ ਸੀ ਕਿ ਉਹ ਗੁਲਸਖਾਨੇ ਵਿਚ ਨਹਾਉਣ ਲਈ ਗਈ ਤਾਂ ਕੋਈ ਚੀਜ਼ ਉਸਦੇ ਵਾਲਾਂ ਵਿਚ ਆ ਵੱਜੀ ਤੇ ਉਹ ਬੇਹੋਸ਼ ਹੋ ਗਈ। ਜਦੋਂ ਉਸਨੂੰ ਹੋਸ਼ ਆਈ ਤਾਂ ਉਸਦੇ ਵਾਲ ਕੱਟ ਪਏ ਸਨ, ਜਿਸ 'ਤੇ ਉਸਨੇ ਰੌਲਾ ਪਾਇਆ ਅਤੇ ਨਾਲ ਰਹਿੰਦੇ ਗੁਆਂਢੀਆਂ ਦੀਆਂ ਔਰਤਾਂ ਨੇ ਉਸਨੂੰ ਗੁਸਲਖਾਨੇ 'ਚੋਂ ਬਾਹਰ ਕੱਢਿਆ। ਘਟਨਾ ਦੀ ਸੂਚਨਾ ਮਿਲਣ 'ਤੇ ਵੱਡੀ ਗਿਣਤੀ 'ਚ ਲੋਕ ਉਕਤ ਘਰ ਪੁੱਜੇ। ਇਸ ਪਿੰਡ ਵਿਚ ਇਕੋ ਦਿਨ ਵਾਲ ਕੱਟਣ ਦੀ ਦੂਜੀ ਘਟਨਾ ਹੈ। ਪੁਲਸ ਵਾਪਰ ਰਹੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ।
ਫਿਰੋਜ਼ਪੁਰ (ਜੈਨ,ਕੁਮਾਰ)—ਛਾਉਣੀ ਦੇ 24 ਕੁਆਰਟਰ 'ਚ ਰਹਿਣ ਵਾਲੀ ਇਕ ਔਰਤ ਦੇ ਅਚਾਨਕ ਵਾਲ ਕੱਟ ਗਏ। ਜਾਣਕਾਰੀ ਮੁਤਾਬਕ ਬੰਟੀ ਪਤਨੀ ਪ੍ਰਦੀਪ ਬਾਥਰੂਮ 'ਚ ਗਈ ਸੀ ਕਿ ਜਿਵੇਂ ਹੀ ਬਾਹਰ ਆਈ ਤਾਂ ਉਸ ਦੇ ਵਾਲ ਕੱਟ ਕੇ ਡਿਗ ਗਏ। ਵਾਲਾਂ ਨੂੰ ਪਿਆ ਦੇਖ ਉਸ ਨੇ ਚੀਕ ਮਾਰੀ ਅਤੇ ਉਹ ਬੇਹੋਸ਼ ਹੋ ਗਈ। ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਪਰਿਵਾਰ ਵਾਲਿਆਂ ਵਲੋਂ ਔਰਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਖਬਰ ਲਿਖੇ ਜਾਣ ਤਕ ਔਰਤ ਕੁਝ ਦੱਸਣ ਦੀ ਹਾਲਤ ਵਿਚ ਨਹੀਂ ਸੀ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਫੈਲ ਗਿਆ।
