ਦੁਬਈ ਤੇ ਮਲੇਸ਼ੀਆ ’ਚ ਫ਼ਸੇ 300 ਭਾਰਤੀ ਗੁਰੂ ਘਰਾਂ ’ਚ ਰਹਿਣ ਲਈ ਮਜਬੂਰ

Tuesday, Mar 24, 2020 - 08:45 PM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ)- ਮਲੇਸ਼ੀਆ ਦੇ ਕੁਆਲਾਲੰਪਰ ਅਤੇ ਦੁਬਈ ਵਿਚ 300 ਕਰੀਬ ਭਾਰਤੀ ਫ਼ਸੇ ਹੋਏ ਹਨ। ਜੋ ਨਿੱਜੀ ਹੋਟਲਾਂ, ਗੁਰਦੁਆਰਾ, ਏਅਰਪੋਰਟ ਆਦਿ ਥਾਵਾਂ ’ਤੇ ਰਹਿ ਕੇ ਭਾਰਤ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਦੁਬਈ ਵਿਚ ਫਸੇ 25 ਦੇ ਕਰੀਬ ਭਾਰਤੀਆਂ ਵਿਚ ਇਕ ਮੋਗਾ ਜ਼ਿਲੇ ਦੇ ਪਿੰਡ ਹਿੰਮਤਪੁਰਾ ਥਾਣਾ ਨਿਹਾਲ ਸਿੰਘ ਵਾਲਾ ਦਾ ਹਰਜਿੰਦਰ ਸਿੰਘ ਹੈ। ਹਰਜਿੰਦਰ ਸਿੰਘ ਦੇ ਭਰਾ ਸੋਨੀ ਅਤੇ ਉਸ ਦੇ ਪਿਤਾ ਲਾਭ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲਡ਼ਕਾ ਹਰਜਿੰਦਰ ਸਿੰਘ ਅਤੇ 25 ਦੇ ਕਰੀਬ ਹੋਰ ਭਾਰਤੀ 18 ਮਾਰਚ ਤੋਂ ਸਪੇਨ ਤੋਂ ਚੱਲੇ ਸਨ ,ਜਿਨ੍ਹਾਂ ਦੀ ਸਟੇਅ ਡੁਬਈ ਵਿਖੇ ਸੀ। ਪਰ ਭਾਰਤ ਸਰਕਾਰ ਵੱਲੋਂ ਜੁਆਬ ਮਿਲਣ ’ਤੇ ਦੁਬਈ ਤੋਂ ਉਨ੍ਹਾਂ ਦਾ ਜਹਾਜ਼ ਨਹੀਂ ਉੱਡਿਆ ਅਤੇ ਉਹ ਉਸ ਸਮੇਂ ਤੋਂ ਹੀ ਇਥੇ ਫਸੇ ਹੋਏ ਹਨ। ਉਨ੍ਹਾਂ ਭਾਰਤ ਸਰਕਾਰ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ। ਮਲੇਸ਼ੀਆ ਵਿਚ 17 ਮਾਰਚ ਤੋਂ ਫ਼ਸੇ 300 ਦੇ ਕਰੀਬ ਪੰਜਾਬੀ ਯਾਤਰੀਆਂ ਅਮਰਜੀਤ ਸਿੰਘ ਲੁਧਿਆਣਾ, ਵਿਸ਼ਾਲ ਸ਼ਰਮਾ, ਜਸਕਰਨ ਗਿੱਲ, ਸੰਦੀਪ ਕੌਰ, ਜਗਦੀਪ ਜੱਗਾ ਆਦਿ ਨੇ ਵੀਡੀਓ ਭੇਜ ਕੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਅਗਾਮੀ ਸੂਚਿਤ ਨਹੀਂ ਕੀਤਾ ਗਿਆ ਨਾਂ ਹੀ ਕੋਈ ਫ਼ਲਾਈਟ ਭੇਜੀ ਗਈ। ਜਦਕਿ ਹੋਰ ਮੁਲਕਾਂ ਨੇ 23 ਮਾਰਚ ਤੱਕ ਉੱਥੋਂ ਆਪਣੇ ਆਪਣੇ ਦੇਸ਼ਾਂ ਦੇ ਯਾਤਰੀਆਂ ਨੂੰ ਵਿਸ਼ੇਸ਼ ਜਹਾਜ਼ ਭੇਜ ਕੇ ਬੁਲਾ ਲਿਆ ਹੈ। ਕੁਆਲਾਲੰਪਰ ਵਿਖੇ ਭਾਰਤ ਸਰਕਾਰ ਦੇ ਦੂਤਾਵਾਸ ਵੀ ਬੰਦ ਹਨ। ਆਸਟ੍ਰੇਲੀਆ ਸਿਟੀਜ਼ਨ ਗੁਰਪ੍ਰੀਤ ਕੌਰ ਅਤੇ ਚੇਤਨ ਸਿੰਘ ਨੇ ਏਅਰਪੋਰਟ ਫਸੇ ਯਾਤਰੀਆਂ ਨੂੰ ਖਾਣਾ ਖਵਾਇਆ ਅਤੇ ਲੋਡ਼ਵੰਦ ਭਾਰਤੀਆਂ ਨੂੰ ਮਲੇਸ਼ੀਆ ਕਰੰਸੀ ਵੀ ਦਿੱਤੀ। ਤਿੰਨ ਚਾਰ ਦਿਨ ਤੱਕ ਭਾਰਤ ਸਰਕਾਰ ਦੇ ਜਹਾਜ਼ ਦੀ ਉਡੀਕ ਕਰਨ ਪਿੱਛੋਂ ਭਾਰਤੀ ਤੱਤ ਖਾਲਸਾ ਪੰਥ ਗੁਰਦੁਆਰਾ, ਮੰਦਰ ਅਤੇ ਨਿੱਜੀ ਹੋਟਲਾਂ ਵਿਚ ਠਹਿਰੇ ਹੋਏ ਹਨ। ਇਨ੍ਹਾਂ ਲੋਕਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਵਾਪਸ ਬੁਲਾਇਆ ਜਾਵੇ। ਉਹ ਡੂੰਘੇ ਸਦਮੇ ਅਤੇ ਕੋਰੋਨਾ ਦੀ ਦਹਿਸ਼ਤ ਵਿਚ ਹਨ।


Gurdeep Singh

Content Editor

Related News