ਪੰਜਾਬ ਦਹਿਲਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼, ਜੰਗਲ ’ਚ 13 ਘੰਟੇ ਚੱਲੇ ਆਪ੍ਰੇਸ਼ਨ ਮਗਰੋਂ ਅਸਲੇ ਸਣੇ 3 ਗੈਂਗਸਟਰ ਗ੍ਰਿਫ਼ਤਾਰ

Saturday, Mar 11, 2023 - 12:28 PM (IST)

ਪੰਜਾਬ ਦਹਿਲਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼, ਜੰਗਲ ’ਚ 13 ਘੰਟੇ ਚੱਲੇ ਆਪ੍ਰੇਸ਼ਨ ਮਗਰੋਂ ਅਸਲੇ ਸਣੇ 3 ਗੈਂਗਸਟਰ ਗ੍ਰਿਫ਼ਤਾਰ

ਫਿਲੌਰ (ਭਾਖੜੀ)-ਗੱਗੂ ਬਲਾਚੌਰੀਆ ਗੈਂਗ ਦੇ 3 ਸ਼ੂਟਰਾਂ ਨੂੰ ਪੁਲਸ ਨੇ ਜੰਗਲ ’ਚ 13 ਘੰਟੇ ਸਰਚ ਆਪ੍ਰੇਸ਼ਨ ਚਲਾ ਕੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਗੈਂਗਸਟਰਾਂ ਕੋਲੋਂ ਪੁਲਸ ਨੇ 4 ਪਿਸਤੌਲ ਅਤੇ ਜ਼ਿੰਦਾ ਰੌਂਦ ਬਰਾਮਦ ਕੀਤੇ। ਗੈਂਗ ਦਾ ਮੁੱਖ ਸਰਗਣਾ ਗੱਗੂ ਬਲਾਚੌਰੀਆ ਜੋ ਕੇਂਦਰੀ ਜੇਲ੍ਹ ਲੁਧਿਆਣਾ ’ਚ ਬੰਦ ਹੈ, ਉੱਥੇ ਹੀ ਬੈਠਾ ਆਪਰੇਟ ਕਰ ਰਿਹਾ ਸੀ। ਉਸ ਨੂੰ ਵੀ ਫਿਲੌਰ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਥਾਣੇ ਲੈ ਕੇ ਆਈ। ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਪੀ. ਡੀ. ਸਰਬਜੀਤ ਬਾਹੀਆ, ਡੀ. ਐੱਸ. ਪੀ. ਜਗਦੀਸ਼ ਰਾਜ ਨੇ ਫਿਲੌਰ ਪੁਲਸ ਖ਼ਾਸ ਤੌਰ ’ਤੇ ਥਾਣਾ ਮੁਖੀ ਇੰਸ. ਸੁਰਿੰਦਰ ਕੁਮਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਜੰਗਲ ’ਚ ਹਥਿਆਰਾਂ ਨਾਲ ਲੁਕੇ ਸ਼ੂਟਰਾਂ ਨੂੰ ਫੜਨ ਲਈ ਉਨ੍ਹਾਂ ਨੇ ਪੂਰੀ ਰਾਤ ਸਰਚ ਆਪ੍ਰੇਸ਼ਨ ਚਲਾਇਆ, ਉਹ ਸ਼ਲਾਘਾਯੋਗ ਕਦਮ ਹੈ।

ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਥਾਣਾ ਮੁਖੀ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਇਲਾਕੇ ’ਚੋਂ ਗੈਂਗਸਟਰ ਨਿਕਲਣ ਵਾਲੇ ਹਨ। ਸੂਚਨਾ ਮਿਲਦੇ ਹੀ ਇੰਸ. ਸੁਰਿੰਦਰ ਕੁਮਾਰ ਪੁਲਸ ਪਾਰਟੀ ਨਾਲ ਤੇਹਿੰਗ ਚੁੰਗੀ ਰੋਡ ’ਤੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕਰ ਰਹੇ ਸਨ ਕਿ ਸ਼ਾਮ 6 ਵਜੇ ਦੇ ਕਰੀਬ ਬੁਲੇਟ ਮੋਟਰਸਾਈਕਲ ’ਤੇ ਸਵਾਰ 3 ਲੜਕੇ ਉੱਥੋਂ ਗੁਜ਼ਰਨ ਲੱਗੇ ਤਾਂ ਪੁਲਸ ਨੇ ਉਨ੍ਹਾਂ ਨੂੰ ਜਿਉਂ ਹੀ ਰੁਕਵਾ ਕੇ ਉਨ੍ਹਾਂ ਦੀ ਤਲਾਸ਼ੀ ਲੈਣੀ ਚਾਹੀ ਤਾਂ 2 ਲੜਕੇ ਪੁਲਸ ਨੂੰ ਧੋਖਾ ਦੇ ਕੇ ਕੋਲ ਦੇ ਜੰਗਲ ’ਚ ਚਲੇ ਗਏ, ਜਦਕਿ ਉਨ੍ਹਾਂ ਦੇ ਇਕ ਸਾਥੀ ਸੰਦੀਪ ਕੁਮਾਰ ਸੈਂਡੀ ਪੁੱਤਰ ਧਰਮਪਾਲ ਵਾਸੀ ਪਿੰਡ ਬੋਪਾਰਾਏ, ਥਾਣਾ ਗੋਰਾਇਆਂ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਪਿਸਤੌਲ ਬਰਾਮਦ ਹੋਇਆ।

ਇਹ ਵੀ ਪੜ੍ਹੋ : ਹੋਲੇ ਮਹੱਲੇ ਦੌਰਾਨ ਕਤਲ ਕੀਤੇ ਪ੍ਰਦੀਪ ਸਿੰਘ ਦਾ ਪਰਿਵਾਰ ਪਹੁੰਚਿਆ ਸ੍ਰੀ ਅਨੰਦਪੁਰ ਸਾਹਿਬ, ਕੀਤੀ ਇਹ ਮੰਗ

ਵੱਡੀਆਂ ਵਾਰਦਾਤਾਂ ਨੂੰ ਦੇਣਾ ਚਾਹੁੰਦੇ ਸਨ ਅੰਜਾਮ
ਪੁੱਛਗਿੱਛ ’ਚ ਸੰਦੀਪ ਨੇ ਦੱਸਿਆ ਕਿ ਉਹ ਅਤੇ ਉਥੋਂ ਭੱਜੇ ਉਸ ਦੇ ਦੋਵੇਂ ਸਾਥੀ ਲੁਧਿਆਣਾ ਜੇਲ੍ਹ ’ਚ ਬੰਦ ਗੱਗੂ ਬਲਾਚੌਰੀਆ ਗੈਂਗ ਦੇ ਸ਼ੂਟਰ ਹਨ। ਗੱਗੂ ਦੇ ਨਿਰਦੇਸ਼ ’ਤੇ ਪੰਜਾਬ ’ਚ ਅਗਵਾ ਕਰਕੇ ਫਿਰੌਤੀ ਮੰਗਣ ਵਰਗੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਉਹ 4 ਪਿਸਤੌਲ ਅਤੇ ਕਾਰਤੂਸ ਕੁਝ ਦਿਨ ਪਹਿਲਾਂ ਹੀ ਮੱਧ ਪ੍ਰਦੇਸ਼ ਤੋਂ ਖ਼ਰੀਦ ਕੇ ਲਿਆਏ ਹਨ। ਜੋ ਉਸ ਦੇ ਸਾਥੀ ਜੰਗਲ ਦੇ ਅੰਦਰ ਲੁਕ ਗਏ ਹਨ, ਉਨ੍ਹਾਂ ਦੇ ਫਰਾਰ ਸਾਥੀਆਂ ਕੋਲ ਵੀ 3 ਪਿਸਤੌਲ ਹਨ। ਇੰਸ. ਸੁਰਿੰਦਰ ਕੁਮਾਰ ਨੇ ਘਟਨਾ ਦੀ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਭਾਰੀ ਪੁਲਸ ਫੋਰਸ ਦੇ ਨਾਲ ਡੀ. ਐੱਸ. ਪੀ. ਜਗਦੀਸ਼ ਰਾਜ ਅਤੇ ਇੰਸ. ਸੁਰਿੰਦਰ ਕੁਮਾਰ ਨੇ ਜੰਗਲ ਨੂੰ ਚਾਰੇ ਪਾਸਿਓਂ ਘੇਰ ਕੇ ਗੈਂਗਸਟਰਾਂ ਨੂੰ ਫੜਨ ਲਈ ਬਾਹਰੋਂ ਸਰਚ ਲਾਈਟਾਂ ਮੰਗਵਾ ਕੇ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। 13 ਘੰਟੇ ਚੱਲੇ ਆਪ੍ਰੇਸ਼ਨ ਤੋਂ ਬਾਅਦ ਸਵੇਰੇ 7 ਵਜੇ ਜਦੋਂ ਦੋਵੇਂ ਸ਼ੂਟਰਾਂ ਨੂੰ ਲੱਗਾ ਕਿ ਹੁਣ ਉਹ ਜ਼ਿੰਦਾ ਬਚ ਕੇ ਇਥੋਂ ਭੱਜ ਨਹੀਂ ਸਕਦੇ ਤਾਂ ਪੁਲਸ ਨੂੰ ਆਪਣੇ ਨੇੜੇ ਆਉਂਦੇ ਵੇਖ ਕੇ ਉਨ੍ਹਾਂ ਨੇ ਸਰੰਡਰ ਕਰ ਦਿੱਤਾ। ਫੜੇ ਗਏ ਗੈਂਗਸਟਰ ਵਿੱਕੀ ਸੰਧੂ ਪੁੱਤਰ ਗੁਰਮੁਖ ਸਿੰਘ ਵਾਸੀ ਝੁੱਗੀਆਂ ਮਹਾਸਿੰਘ ਅਤੇ ਉਸ ਦੇ ਸਾਥੀ ਨਰਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਜਲੰਧਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ :  ਜਲੰਧਰ 'ਚ ਸ਼ਰਮਨਾਕ ਘਟਨਾ, ਗੈਸ ਸਿਲੰਡਰ ਡਿਲਿਵਰ ਕਰਨ ਵਾਲੇ ਨੇ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਗੈਂਗ ਦੀ ਦਹਿਸ਼ਤ ਵਧਾਉਣ ਲਈ ਸਰਗਣਾ ਗੱਗੂ ਨੇ ਵਿਅਕਤੀ ਨੂੰ ਅਗਵਾ ਕਰਕੇ ਉਤਾਰ ਦਿੱਤਾ ਸੀ ਮੌਤ ਦੇ ਘਾਟ
ਪੁੱਛਗਿੱਛ ਦੌਰਾਨ ਬਲਾਚੌਰੀਆ ਗੈਂਗ ਦੇ ਸ਼ੂਟਰ ਵਿੱਕੀ ਨੇ ਦੱਸਿਆ ਕਿ ਸਰਗਣਾ ਗੱਗੂ ਨੇ ਜਦੋਂ ਆਪਣਾ ਗੈਂਗ ਖੜ੍ਹਾ ਕੀਤਾ ਤਾਂ ਅਪਰਾਧ ਦੀ ਦੁਨੀਆ ’ਚ ਆਪਣਾ ਦਬਦਬਾ ਬਣਾਉਣ ਲਈ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਫਿਰੌਤੀ ਮੰਗਣ ਲਈ ਇਕ ਵਿਅਕਤੀ ਨੂੰ ਅਗਵਾ ਕਰ ਲਿਆ ਸੀ ਅਤੇ ਬਾਅਦ ’ਚ ਗੱਗੂ ਨੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਉਂਦੇ ਹੋਏ ਕਿਹਾ ਸੀ ਕਿ ਜੇਕਰ ਉਨ੍ਹਾਂ ਨੇ ਪੁਲਸ ਦਾ ਸਹਾਰਾ ਲਿਆ ਤਾਂ ਉਹ ਉਨ੍ਹਾਂ ਦੇ ਆਦਮੀ ਨੂੰ ਮਾਰ ਦੇਵੇਗਾ। ਪੁਲਸ ਨੂੰ ਕਿਸੇ ਤਰ੍ਹਾਂ ਅਗਵਾ ਦੀ ਸੂਚਨਾ ਮਿਲ ਗਈ। ਇਸ ਦਾ ਪਤਾ ਜਦੋਂ ਗੱਗੂ ਨੂੰ ਲੱਗਾ ਤਾਂ ਉਸ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਉਨ੍ਹਾਂ ਦੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਗੱਗੂ ਜੋ ਹੁਣ ਲੁਧਿਆਣਾ ਜੇਲ੍ਹ ਵਿਚ ਬੰਦ ਹੈ, ਉੱਥੇ ਹੀ ਬੈਠਾ ਗੈਂਗ ਨੂੰ ਚਲਾ ਰਿਹਾ ਸੀ। ਗੱਗੂ ਕੋਲ ਜੋ ਜੇਲ੍ਹ ’ਚ ਮੋਬਾਇਲ ਫੋਨ ਚੱਲ ਰਿਹਾ ਸੀ, ਉਸ ਦਾ ਸਿਮ ਕਾਰਡ ਵੀ ਉਸੇ ਦੇ ਨਾਂ ’ਤੇ ਹੈ। ਫਿਲੌਰ ਪੁਲਸ ਗੱਗੂ ਬਲਾਚੌਰੀਆ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੁਧਿਆਣਾ ਜੇਲ੍ਹ ਤੋਂ ਫਿਲੌਰ ਥਾਣੇ ਲੈ ਕੇ ਆਈ। ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :  ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਦੇ ਬਾਥਰੂਮ ’ਚ ਮਿਲੀ ਨਿਹੰਗ ਸਿੰਘ ਦੀ ਲਾਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News