ਜੰਮੂ-ਕਸ਼ਮੀਰ ਨੂੰ ਅੱਤਵਾਦ ਦੀ ਅੱਗ ’ਚ ਸੁੱਟਣ ਲਈ 3 ਪਰਿਵਾਰ ਜ਼ਿੰਮੇਵਾਰ : ਚੁੱਘ
Tuesday, Aug 20, 2024 - 11:49 PM (IST)
ਜਲੰਧਰ/ਚੰਡੀਗੜ੍ਹ, (ਵਿਸ਼ੇਸ਼)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਨੂੰ ਅੱਤਵਾਦ ਅਤੇ ਨਫ਼ਰਤ ਦੀ ਅੱਗ ਵਿਚ ਸੁੱਟਣ ਲਈ 3 ਪਰਿਵਾਰ ਜ਼ਿੰਮੇਵਾਰ ਹਨ, ਜਿਨ੍ਹਾਂ ਵਿਚ ਅਬਦੁੱਲਾ, ਮੁਫਤੀ ਅਤੇ ਨਹਿਰੂ ਪਰਿਵਾਰ ਸ਼ਾਮਲ ਹਨ।
ਜੰਮੂ-ਕਸ਼ਮੀਰ ਦੇ ਇੰਚਾਰਜ ਵਜੋਂ ਸੂਬੇ ਦਾ ਦੌਰਾ ਕਰਕੇ ਪਰਤੇ ਚੁੱਘ ਨੇ ਕਿਹਾ ਕਿ 1990 ਦੇ ਦਹਾਕੇ ’ਚ ਕਸ਼ਮੀਰ ਘਾਟੀ ’ਚ ਕਸ਼ਮੀਰੀ ਪੰਡਿਤਾਂ ’ਤੇ ਇੰਨਾ ਤਸ਼ੱਦਦ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਹਿਜਰਤ ਕਰਨ ਲਈ ਮਜਬੂਰ ਹੋਣਾ ਪਿਆ। ਹਜ਼ਾਰਾਂ ਕਸ਼ਮੀਰੀ ਪੰਡਿਤਾਂ ਨੂੰ ਆਪਣੇ ਘਰ ਛੱਡਣੇ ਪਏ।
ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕਸ਼ਮੀਰ ਵਿਚ ਬਦਲਾਅ, ਦੇਸ਼ ਭਗਤੀ ਅਤੇ ਵਿਕਾਸ ਦੀ ਹਨ੍ਹੇਰੀ ਚੱਲ ਰਹੀ ਹੈ। ਸੂਬੇ ਦੇ ਲੋਕ ਹੁਣ ਇਨ੍ਹਾਂ ਸਵਾਰਥੀ ਪਾਰਟੀਆਂ ਨੂੰ ਪਸੰਦ ਨਹੀਂ ਕਰਦੇ। ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿਚ ਜਨਤਾ ਆਪਣੀ ਵੋਟ ਦੀ ਤਾਕਤ ਨਾਲ ਇਨ੍ਹਾਂ ਭ੍ਰਿਸ਼ਟ ਅਤੇ ਵੱਖਵਾਦੀ ਸੋਚ ਰੱਖਣ ਵਾਲੀਆਂ ਪਾਰਟੀਆਂ ਨੂੰ ਜ਼ਰੂਰ ਸਬਕ ਸਿਖਾਵੇਗੀ।