STF ਲੁਧਿਆਣਾ ਦੀ ਵੱਡੀ ਕਾਰਵਾਈ : ਕਰੋੜਾਂ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ
Saturday, Apr 08, 2023 - 11:35 PM (IST)
ਲੁਧਿਆਣਾ (ਅਨਿਲ) : ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਯੂਨੀਟ ਨੇ ਬੀਤੀ ਰਾਤ ਨਸ਼ਾ ਸਮੱਗਲਰਾਂ ਦੇ ਖਿਲਾਫ਼ ਇਕ ਵੱਡੀ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਨਸ਼ਾ ਸਮੱਗਲਰਾਂ ਨੂੰ ਸਾਢੇ 14 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੱਤਰਕਾਰ ਸਮਾਗਮ ਦੌਰਾਨ ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਦੀ ਟੀਮ ਨੂੰ ਪਹਿਲੇ ਮਾਮਲੇ ਦੇ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਘੋੜਾ ਕਾਲੋਨੀ ਇਲਾਕੇ ਵਿਚ ਇਕ ਆਈ-20 ਕਾਰ ’ਤੇ ਪਤੀ-ਪਤਨੀ ਹੈਰੋਇਨ ਦੀ ਵੱਡੀ ਖੇਪ ਲੈ ਕੇ ਗਾਹਕਾਂ ਨੂੰ ਸਪਲਾਈ ਕਰ ਰਹੇ ਹਨ, ਜਿਸ ’ਤੇ ਐੱਸ. ਟੀ. ਐੱਫ. ਨੇ ਤੁਰੰਤ ਕਾਰਵਾਈ ਕਰਦਿਆਂ ਮੁਹੱਲਾ ਡਾ. ਅੰਬੇਡਕਰ ਕਾਲੋਨੀ ਦੇ ਇਲਾਕੇ ਵਿੱਚ ਛਾਪੇਮਾਰੀ ਕਰਦੇ ਹੋਏ ਉਥੇ ਇਕ ਆਈ-20 ਕਾਰ ਨੂੰ ਕਾਬੂ ਕੀਤਾ ਗਿਆ ਜਦੋਂ ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ ਪੁਲਸ ਨੇ ਇਕ ਕਿਲੋ 320 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਾਢੇ 6 ਕਰੋੜ ਦੀ ਕੀਮਤ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਸ਼ਮੀਰ ਤੋਂ ਇਲਾਵਾ ਇਸ ਸਾਲ ਬਾਜ਼ਾਰ 'ਚ ਆ ਸਕਦੈ ਅੰਮ੍ਰਿਤਸਰ ਦਾ ਸੇਬ
ਪੁਲਸ ਨੇ ਤੁਰੰਤ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਇਸ ਦੀ ਪਛਾਣ ਸਮਰਦੀਪ ਸਿੰਘ ਸੈਮ ਪੁੱਤਰ ਵਿਜੇ ਕੁਮਾਰ ਕਾਲਾ ਵਾਸੀ ਮੁਹੱਲਾ ਡਾ. ਅੰਬੇਡਕਰ ਕਾਲੋਨੀ (ਘੋੜਾ ਕਾਲੋਨੀ) ਵਜੋਂ ਕੀਤੀ ਗਈ ਜਦਕਿ ਇਸ ਫ਼ਰਾਰ ਔਰਤ ਦੀ ਪਛਾਣ ਸਮਰਦੀਪ ਸਿੰਘ ਦੀ ਪਤਨੀ ਸਿਮਰਨਜੀਤ ਕੌਰ ਵਜੋਂ ਕੀਤੀ ਗਈ। ਦੋਵੇਂ ਮੁਲਜ਼ਮਾਂ ਖਿਲਾਫ਼ ਮੋਹਾਲੀ ਐੱਸ. ਟੀ. ਐੱਫ. ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੁਲਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ 12 ਮੋਟਰਸਾਈਕਲ, 10 ਤੋਲੇ ਸੋਨਾ ਤੇ ਨਸ਼ੇ ਸਣੇ 3 ਕਾਬੂ
ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਦੂਜੇ ਮਾਮਲੇ ਵਿਚ ਪੁਲਸ ਨੇ ਚੰਡੀਗੜ੍ਹ ਰੋਡ ’ਤੇ ਨਾਕਾਬੰਦੀ ਦੌਰਾਨ ਇਕ ਆਲਟੋ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ, ਜਦੋਂ ਪੁਲਸ ਨੇ ਉਕਤ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ ਦੇ ਅੰਦਰੋਂ ਇਕ ਕਿਲੋ 560 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 8 ਕਰੋੜ ਕੀਮਤ ਦੱਸੀ ਜਾ ਰਹੀ ਹੈ। ਪੁਲਸ ਨੇ ਮੌਕੇ ’ਤੇ ਕਾਰ ਸਵਾਰ ਜਤਿਨ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਜਗਾਧਰੀ ਜਮੁਨਾ ਨਗਰ ਹਾਲ ਵਾਸੀ ਮੋਹਾਲੀ ਅਤੇ ਗੁਰਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਫੇਸ-1, ਮੋਹਾਲੀ ਦੇ ਰੂਪ ਵਿਚ ਕੀਤੀ ਗਈ। ਦੋਵੇਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਭਾਬੀ ਨਾਮੀ ਔਰਤ ਸਮੱਗਲਰ ਤੋਂ ਚੰਡੀਗੜ੍ਹ ਤੋਂ ਲੈ ਕੇ ਆਏ ਹੈਰੋਇਨ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਤਿਨ ਅਤੇ ਗੁਰਪ੍ਰੀਤ ਨੇ ਦੱਸਿਆ ਕਿ ਉਹ ਪਿਛਲੇ 3 ਸਾਲ ਤੋਂ ਆਪਸ ਵਿੱਚ ਮਿਲ ਕੇ ਨਸ਼ੇ ਦਾ ਕੰਮ ਕਰ ਰਹੇ ਹਨ। ਦੋਵੇਂ ਖੁਦ ਵੀ ਨਸ਼ਾ ਕਰਨ ਦੇ ਆਦੀ ਹਨ। ਇਹ ਨਸ਼ੇ ਦੀ ਖੇਪ ਚੰਡੀਗੜ੍ਹ ਤੋਂ ਇਕ ਭਾਬੀ ਨਾਮੀ ਔਰਤ ਤੋਂ ਥੋਕ ਦੇ ਭਾਅ ਖ਼ਰੀਦ ਕੇ ਲਿਆਏ ਸਨ ਅਤੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਜਾ ਰਹੇ ਸਨ ਜਦਕਿ ਪਹਿਲੇ ਮਾਮਲੇ ਦਾ ਮੁਲਜ਼ਮ ਸਮਰਦੀਪ ਸਿੰਘ ਨਸ਼ੇ ਦੀ ਖੇਪ ਘਾਟੀ ਮੁਹੱਲਾ ਤੋਂ ਕਿਸੇ ਨਸ਼ਾ ਸਮੱਗਲਰ ਤੋਂ ਲੈ ਕੇ ਆਇਆ ਸੀ।