ਕਰੋੜਾਂ ਦੀ ਹੈਰੋਇਨ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ, ਡਰੱਗ ਮਨੀ ਤੇ 2 ਕਾਰਾਂ ਬਰਾਮਦ

Sunday, Jul 21, 2024 - 10:19 AM (IST)

ਬਠਿੰਡਾ (ਵਰਮਾ) : ਥਾਣਾ ਕੈਨਾਲ ਕਾਲੋਨੀ ਦੀ ਪੁਲਸ ਪਾਰਟੀ ਨੇ ਕਰੋੜਾਂ ਰੁਪਏ ਦੀ 1 ਕਿੱਲੋ 5 ਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ 2.65 ਲੱਖ ਰੁਪਏ ਦੀ ਡਰੱਗ ਮਨੀ ਤੋਂ ਇਲਾਵਾ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐੱਸ. ਐੱਸ. ਪੀ. ਦੀਪਕ ਪਾਰੀਕ ਨੇ ਦੱਸਿਆ ਕਿ ਕੈਨਾਲ ਕਾਲੋਨੀ ਥਾਣੇ ਦੀ ਟੀਮ ਵੱਲੋਂ ਸਰਹਿੰਦ ਕੈਨਾਲ ਰਿੰਗ ਰੋਡ ’ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਪੁਲਸ ਟੀਮ ਨੇ ਸਰਹਿੰਦ ਨਹਿਰ ਦੀ ਪਟੜੀ ’ਤੇ ਇਕ ਇਨੋਵਾ ਕਾਰ ਖੜ੍ਹੀ ਦੇਖੀ। ਪੁਲਸ ਟੀਮ ਨੇ ਸ਼ੱਕ ਦੇ ਆਧਾਰ ’ਤੇ ਇਨੋਵਾ ਕਾਰ ਦੀ ਤਲਾਸ਼ੀ ਲਈ ਤਾਂ ਉਸ ’ਚ ਸਵਾਰ ਦੋ ਨੌਜਵਾਨਾਂ ਕੋਲੋਂ 1 ਕਿੱਲੋ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਹਾਂ ਨੌਜਵਾਨਾਂ ਦੀ ਪਛਾਣ ਤਰਸੇਮ ਸਿੰਘ ਉਰਫ਼ ਸੇਮਾ ਵਾਸੀ ਬਸਤੀ ਨੰਬਰ 2 ਬੀੜ ਤਾਲਾਬ ਹਾਲ ਆਬਾਦ ਐੱਸ. ਏ. ਐੱਸ. ਨਗਰ ਬਠਿੰਡਾ ਅਤੇ ਕਰਨਪ੍ਰੀਤ ਸਿੰਘ ਵਾਸੀ ਪਿੰਡ ਕਾਠਗੜ੍ਹ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਦੋਹਾਂ ਵਿਅਕਤੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਉਨ੍ਹਾਂ ਮੰਨਿਆ ਕਿ ਉਕਤ ਹੈਰੋਇਨ ਉਹ ਗਣੇਸ਼ ਸਿੰਘ ਉਰਫ਼ ਗੇਸੂ ਵਾਸੀ ਕਾਠਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ ਲੈ ਕੇ ਆਏ ਸਨ। ਉਕਤ ਹੈਰੋਇਨ ਬਠਿੰਡਾ ਜ਼ਿਲ੍ਹੇ ਅਤੇ ਆਸ-ਪਾਸ ਦੇ ਇਲਾਕਿਆਂ 'ਚ ਵੇਚੀ ਜਾਣੀ ਸੀ। ਮੁੱਢਲੀ ਜਾਂਚ ਦੌਰਾਨ ਪੁਲਸ ਨੇ ਤਰਸੇਮ ਸਿੰਘ ਕੋਲੋਂ 2 ਲੱਖ 65 ਹਜ਼ਾਰ ਰੁਪਏ ਦੀਆਂ ਨਸ਼ੇ ਦੀਆਂ ਗੋਲੀਆਂ ਅਤੇ ਇਕ ਹੌਂਡਾ ਸਿਟੀ ਕਾਰ ਬਰਾਮਦ ਕੀਤੀ ਹੈ।

ਐੱਸ. ਐੱਸ. ਪੀ. ਨੇ ਦੱਸਿਆ ਕਿ ਹੈਰੋਇਨ ਵੇਚਣ ਵਾਲਾ ਗਣੇਸ਼ ਸਿੰਘ ਪੁਰਾਣਾ ਨਸ਼ਾ ਤਸਕਰ ਹੈ। ਉਸ ਖ਼ਿਲਾਫ਼ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਦੋ ਥਾਣਿਆਂ 'ਚ ਨਸ਼ਾ ਤਸਕਰੀ ਦੇ ਤਿੰਨ ਕੇਸ ਦਰਜ ਹਨ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਹੈ। ਦੱਸਿਆ ਜਾ ਰਿਹਾ ਹੈ ਕਿ ਡਰੱਗ ਤਸਕਰ ਗਣੇਸ਼ ਨੇ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਦਾ ਪੁਲਸ ਰਿਮਾਂਡ ਲਿਆ ਗਿਆ ਹੈ।
 


Babita

Content Editor

Related News