ਭਾਰੀ ਬਰਸਾਤ ਕਾਰਨ ਪਾਣੀ 'ਚ ਆਇਆ ਕਰੰਟ, 8 ਸਾਲਾ ਬੱਚੇ ਸਣੇ 3 ਲੋਕਾਂ ਦੀ ਹੋਈ ਦਰਦਨਾਕ ਮੌਤ
Friday, Jun 28, 2024 - 05:22 AM (IST)
ਲੁਧਿਆਣਾ (ਖੁਰਾਣਾ, ਅਸ਼ੋਕ)- ਸ਼ਹਿਰ ’ਚ ਹੋਈ ਬਾਰਿਸ਼ ਕਈ ਪਰਿਵਾਰਾਂ ’ਤੇ ਕਹਿਰ ਬਣ ਕੇ ਢਹੀ, ਜਿਸ ਵਿਚ ਬਰਸਾਤੀ ਪਾਣੀ ’ਚ ਕਰੰਟ ਆਉਣ ਕਾਰਨ ਇਕ 8 ਸਾਲ ਦੇ ਬੱਚੇ ਸਮੇਤ 3 ਵਿਅਕਤੀਆਂ ਦੀ ਮੌਤ ਹੋਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਮ੍ਰਿਤਕ ਬੱਚੇ ਦਾ 28 ਜੂਨ ਨੂੰ ਜਨਮ ਦਿਨ ਸੀ।
ਗੁੱਸੇ ਨਾਲ ਭਰੇ ਇਲਾਕਾ ਨਿਵਾਸੀਆਂ ਨੇ ਮਾਸੂਮ ਬੱਚੇ ਦੀ ਲਾਸ਼ ਦਰੇਸੀ ਇਲਾਕੇ ਨੇੜੇ ਪੈਂਦੇ ਬਿਜਲੀ ਘਰ ਦੇ ਬਾਹਰ ਰੱਖ ਕੇ ਜ਼ਬਰਦਸਤ ਧਰਨਾ ਪ੍ਰਦਰਸ਼ਨ ਕੀਤਾ। ਇਲਾਕਾ ਨਿਵਾਸੀਆਂ ਨੇ ਦੋਸ਼ ਲਾਏ ਹਨ ਕਿ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਨਾਲਾਇਕੀ ਕਾਰਨ ਮਾਸੂਮ ਬੱਚੇ ਨੂੰ ਆਪਣੀ ਜਾਨ ਗੁਆਉਣੀ ਪਈ ਹੈ।
ਇਲਾਕਾ ਨਿਵਾਸੀਆਂ ਦੇ ਦੋਸ਼ ਹਨ ਕਿ ਇਲਾਕੇ ’ਚ ਬਿਜਲੀ ਦੀਆਂ ਨੰਗੀਆਂ ਤਾਰਾਂ ਲਟਕ ਰਹੀਆਂ ਹਨ, ਜਿਸ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਪਰ ਵਿਭਾਗੀ ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਦਾ ਖਮਿਆਜਾ ਇਕ ਪਰਿਵਾਰ ਨੂੰ ਆਪਣੇ ਘਰ ਦਾ ਚਿਰਾਗ ਬੁਝਾ ਕੇ ਭੁਗਤਣਾ ਪਿਆ ਹੈ।
ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਇਆ ਮ੍ਰਿਤਕ ਬੱਚਾ ਦਿਵਿਆਂਸ਼ 2 ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਚੌੜਾ ਬਾਜ਼ਾਰ ਦੇ ਨਾਲ ਲਗਦੇ ਇਲਾਕੇ ਦਾ ਰਹਿਣ ਵਾਲਾ ਹੈ। ਮਾਸੂਮ ਦਿਵਿਆਂਸ਼ ਬਾਰਿਸ਼ ਦੇ ਪਾਣੀ ’ਚ ਨਹਾਉਣ ਦੌਰਾਨ ਘਰੋਂ ਸਾਮਾਨ ਖਰੀਦਣ ਲਈ ਬਾਜ਼ਾਰ ਨਿਕਲਿਆ। ਇਸ ਦੌਰਾਨ ਚੌੜਾ ਬਾਜ਼ਾਰ ’ਚ ਬਿਜਲੀ ਦੇ ਖੰਭੇ ਕੋਲੋਂ ਗੁਜ਼ਰਦੇ ਹੋਏ ਦਿਵਿਆਂਸ਼ ਕਰੰਟ ਦੀ ਲਪੇਟ ’ਚ ਆ ਗਿਆ। ਮ੍ਰਿਤਕ ਦਿਵਿਆਂਸ਼ ਦੇ ਪਿਤਾ ਰਿਕਸ਼ਾ ਚਲਾ ਕੇ ਪਰਿਵਾਰ ਦੀ ਰੋਟੀ ਦਾ ਜੁਗਾੜ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਸ ਵੱਲੋਂ ਦਿਵਿਆਂਸ਼ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- CM ਮਾਨ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਕੱਸਿਆ ਤੰਜ, ਕਿਹਾ- ''ਇਨ੍ਹਾਂ ਨੇ ਲੋਕਾਂ ਨੂੰ ਭੇਡ-ਬੱਕਰੀਆਂ ਸਮਝ ਰੱਖਿਆ...''
ਦੂਜੇ ਮਾਮਲੇ ’ਚ ਹਰ ਕਰਤਾਰ ਕਾਲੋਨੀ ਦੀ ਰਹਿਣ ਵਾਲੀ ਮੀਨੂ ਮਲਹੋਤਰਾ (45) ਅਤੇ ਸੁਨੀਲ ਕੁਮਾਰ ਵਿਜੇ ਨਗਰ ਦੀ ਵੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਵਿਜੇ ਨਗਰ ਦੀ ਗਲੀ ਨੰ. 3 ਵਿਚ ਰਹਿਣ ਵਾਲੇ ਸੁਸ਼ੀਲ ਕੁਮਾਰ ਦੀ ਆਪਣੀ ਦੁਕਾਨ ਦਾ ਸ਼ਟਰ ਚੁੱਕਣ ਦੌਰਾਨ ਕਰੰਟ ਦੀ ਲਪੇਟ ’ਚ ਆ ਜਾਣ ਕਾਰਨ ਮੌਤ ਹੋ ਗਈ। ਸੁਨੀਲ ਦੀ ਪਤਨੀ ਨੀਲਮ ਨੇ ਦੱਸਿਆ ਕਿ ਉਸ ਦੇ ਪਤੀ ਟ੍ਰੇਡਿੰਗ ਦਾ ਕੰਮ ਕਰਦੇ ਸਨ।
ਓਧਰ ਸ਼ਿਵਾਜੀ ਨਗਰ ਨੇੜੇ ਹਰ ਕਰਤਾਰ ਕਾਲੋਨੀ ’ਚ ਘਰ ’ਚ ਦਾਖਲ ਹੋਏ ਮੀਂਹ ਦੇ ’ਚੋਂ ਕਰੰਟ ਲੱਗਣ ਨਾਲ ਇਕ ਔਰਤ ਮੀਨੂ ਮਲਹੋਤਰਾ ਦੀ ਮੌਤ ਹੋ ਗਈ। ਇਸ ਦੌਰਾਨ ਉਸ ਦੀ ਮੌਤ ਦੇ ਸਦਮੇ ਕਾਰਨ ਉਸ ਦੇ 10 ਸਾਲ ਦੇ ਬੱਚੇ ਦੀ ਹਾਲਤ ਨਾਜ਼ੁਕ ਹੋ ਗਈ, ਜਿਸ ਕਾਰਨ ਗੁੱਸੇ ’ਚ ਆਏ ਲੋਕਾਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਸ਼ਿੰਗਰ ਸਿਨੇਮਾ ਰੋਡ ’ਤੇ ਜਾਮ ਲਗਾ ਕੇ ਧਰਨਾ ਦਿੱਤਾ।
ਮੌਕੇ ’ਤੇ ਮੌਜੂਦ ਸਾਬਕਾ ਕੌਂਸਲਰ ਦੇ ਪੁੱਤਰ ਸਿਮਰਨਜੀਤ ਸਿੰਘ ਸੀਮੂ ਨੇ ਦੱਸਿਆ ਕਿ ਅਸੀਂ ਪਿਛਲੇ ਹਫ਼ਤੇ ਡਰੇਨ ਦੀ ਮੋਟਰ ਖਰਾਬ ਹੋਣ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਬਰਸਾਤ ਤੋਂ ਪਹਿਲਾਂ ਇਸ ਮੋਟਰ ਦੀ ਮੁਰੰਮਤ ਕਰਵਾਈ ਜਾਵੇ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਫ਼ੋਨ ਕਿਨਾਰੇ 'ਤੇ ਰੱਖ ਨੌਜਵਾਨ ਨੇ Niagara Falls 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਗੱਲਬਾਤ ਕਰਦਿਆਂ ਪਾਵਰਕਾਮ ਵਿਭਾਗ ਦੇ ਐੱਸ. ਡੀ. ਓ. ਕਰਮਜੀਤ ਸਿੰਘ ਚਾਨਾ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਇਲਾਕਾ ਨਿਵਾਸੀਆਂ ਵੱਲੋਂ ਬਿਜਲੀ ਵਿਭਾਗ ਦੇ ਦਰੇਸੀ ਦਫਤਰ ਕੋਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਇਹ ਗੱਲ ਮੀਡੀਆ ਮੁਲਾਜ਼ਮਾਂ ਰਾਹੀਂ ਪਤਾ ਲੱਗੀ ਹੈ ਕਿ ਕਰੰਟ ਲੱਗਣ ਕਾਰਨ ਇਲਾਕੇ ’ਚ ਕਿਸੇ ਬੱਚੇ ਦੀ ਮੌਤ ਹੋਈ ਹੈ, ਜਦੋਂਕਿ ਹਰ ਕਰਤਾਰ ਨਗਰ ਦੀ ਮੀਨੂ ਮਲਹੋਤਰਾ ਅਤੇ ਵਿਜੇ ਨਗਰ ਦੇ ਸੁਲੀਲ ਕੁਮਾਰ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e