ਚੋਰੀਸ਼ੁਦਾ ਮੋਟਰਸਾਈਕਲ ਸਮੇਤ 3 ਕਾਬੂ
Tuesday, Aug 22, 2017 - 07:13 AM (IST)

ਅੰਮ੍ਰਿਤਸਰ/ਭਿੰਡੀ ਸੈਦਾਂ/ਜੈਂਤੀਪੁਰ, (ਪੁਰੀ/ਗੁਰਜੰਟ/ਬਲਜੀਤ)- ਪੁਲਸ ਥਾਣਾ ਕੰਬੋਅ ਦੇ ਮੁੱਖ ਅਫਸਰ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਸੋਫਰ ਪੁੱਤਰ ਰਮੇਸ਼ ਕੁਮਾਰ ਵਾਸੀ ਨਿਊ ਅੰਮ੍ਰਿਤਸਰ ਨੇ ਪੁਲਸ ਚੌਕੀ ਸੋਹੀਆਂ ਖੁਰਦ ਵਿਖੇ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦਾ ਫਤਿਹਗੜ੍ਹ ਸ਼ੁੱਕਰ ਚੱਕ ਵਾਲੀ ਨਹਿਰ 'ਤੇ ਤਿੰਨ ਵਿਅਕਤੀਆਂ ਵੱਲੋਂ ਮੋਟਰਸਾਈਕਲ ਅਤੇ 400 ਰੁਪਏ ਖੋਹੇ ਹਨ ਜਿਨ੍ਹਾਂ ਨੇ ਆਪਣੇ ਮੂੰਹ ਪਰਨਿਆਂ ਨਾਲ ਢਕੇ ਹੋਏ ਸਨ।
ਪੁਲਸ ਚੌਕੀ ਸੋਹੀਆਂ ਖੁਰਦ ਦੇ ਇੰਚਾਰਜ ਜਸਬੀਰ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕੀਤੀ ਜਿਸ ਦੌਰਾਨ ਦੂਸਰੇ ਦਿਨ ਪੁਲਸ ਨੂੰ ਇਤਲਾਹ ਮਿਲੀ ਕਿ ਚੋਰੀ ਹੋਇਆ ਮੋਟਰਸਾਈਕਲ ਪਿੰਡ ਨੇਹਰੀਆ ਕੁਹਾਰਾ ਵਿਖੇ ਹੈ। ਏ. ਐੱਸ. ਆਈ. ਰਸ਼ਪਾਲ ਸਿੰਘ, ਜੁਗਰਾਜ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਪਿੰਡ ਨੇਹਰੀਆ ਕੁਹਾਰਾ ਵਿਖੇ ਤੁਰੰਤ ਰੇਡ ਕਰਨ 'ਤੇ ਚੋਰੀ ਹੋਏ ਮੋਟਰਸਾਈਕਲ ਸਮੇਤ ਤਿੰਨ ਦੋਸ਼ੀਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਕਾਬੂ ਕੀਤੇ ਦੋਸ਼ੀ ਹਰਪੇਜ ਸਿੰਘ ਪੁੱਤਰ ਬਲਬੀਰ ਸਿੰਘ, ਮੇਜਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਤਰਸੇਮ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਆਪਣਾ ਜੁਰਮ ਕਬੂਲਦਿਆਂ ਕਿਹਾ ਕਿ ਉਨ੍ਹਾਂ ਨੇ ਹੀ ਮੋਟਰਸਾਈਕਲ ਅਤੇ 400 ਰੁਪਿਆ ਖੋਹਿਆ ਸੀ। ਪੁਲਸ ਵੱਲੋਂ ਇਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।