ਭੰਗੀ ਚੋਅ ''ਚ ਨਹਾਉਂਦੇ 3 ਬੱਚੇ ਡੁੱਬੇ

Wednesday, Aug 09, 2017 - 06:29 AM (IST)

ਭੰਗੀ ਚੋਅ ''ਚ ਨਹਾਉਂਦੇ 3 ਬੱਚੇ ਡੁੱਬੇ

ਹੁਸ਼ਿਆਰਪੁਰ  (ਅਸ਼ਵਨੀ) - ਅੱਜ ਬਾਅਦ ਦੁਪਹਿਰ ਸਥਾਨਕ ਧੋਬੀ ਘਾਟ ਕਾਜਵੇ ਨੇੜੇ ਭੰਗੀ ਚੋਅ ਦੀ ਡੂੰਘੀ ਖੱਡ ਵਿਚ 3 ਬੱਚਿਆਂ ਦੇ ਡੁੱਬ ਜਾਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਝੁੱਗੀ-ਝੌਂਪੜੀਆਂ 'ਚ ਰਹਿਣ ਵਾਲੇ 6 ਬੱਚੇ ਚੋਅ 'ਚ ਨਹਾਉਣ ਲਈ ਗਏ ਸਨ। ਇਸ ਦੌਰਾਨ 3 ਬੱਚੇ ਦਲਦਲ ਵਿਚ ਫਸਣ ਕਾਰਨ ਡੁੱਬ ਗਏ, ਜਦਕਿ ਬਾਕੀ 3 ਭੱਜ ਕੇ ਕੰਢੇ 'ਤੇ ਆਉਣ 'ਚ ਸਫ਼ਲ ਹੋ ਗਏ।  ਹਾਦਸੇ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਥਾਣਾ ਸਦਰ ਤੇ ਸਿਟੀ ਪੁਲਸ ਸਟੇਸ਼ਨਾਂ ਦੇ ਇੰਚਾਰਜ ਭਾਰੀ ਪੁਲਸ ਫੋਰਸ ਸਮੇਤ ਅਤੇ ਮੈਡੀਕਲ ਟੀਮ, ਐਂਬੂਲੈਂਸ, ਫਾਇਰ ਬ੍ਰਿਗੇਡ ਆਦਿ ਮੌਕੇ 'ਤੇ ਗਏ। ਇਸ ਦੌਰਾਨ 2 ਬੱਚਿਆਂ ਦੀਆਂ ਲਾਸ਼ਾਂ ਚੋਅ ਵਿਚੋਂ ਕੱਢ ਕੇ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ, ਜਦਕਿ ਖ਼ਬਰ ਲਿਖੇ ਜਾਣ ਤੱਕ ਚੋਅ 'ਚ ਡੁੱਬੇ ਤੀਸਰੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਦਿਲਖੁਸ਼ ਪੁੱਤਰ ਰਾਜੂ ਤੇ ਵਿਕਾਸ ਪੁੱਤਰ ਸੋਮ ਨਾਥ ਵਾਸੀ ਸੁਖੀਆਬਾਦ ਵਜੋਂ ਹੋਈ ਹੈ। ਤੀਸਰਾ ਬੱਚੇ ਜਿਸ ਦੀ ਭਾਲ ਕੀਤੀ ਜਾ ਰਹੀ ਹੈ, ਦਾ ਨਾਂ ਬੱਬੀ ਹੈ, ਜੋ ਕਿ ਮ੍ਰਿਤਕ ਵਿਕਾਸ ਦਾ ਭਰਾ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ, ਐੱਸ. ਡੀ. ਐੱਮ. ਜਤਿੰਦਰ ਜੋਰਵਾਲ ਅਤੇ ਤਹਿਸੀਲਦਾਰ ਅਰਵਿੰਦ ਪ੍ਰਕਾਸ਼ ਵੀ ਮੌਕੇ 'ਤੇ ਪਹੁੰਚ ਗਏ। ਡਿਪਟੀ ਕਮਿਸ਼ਨਰ ਨੇ ਨਿੱਜੀ ਤੌਰ 'ਤੇ ਡੁੱਬੇ ਬੱਚਿਆਂ ਨੂੰ ਲੱਭਣ ਲਈ ਕੀਤੇ ਜਾ ਰਹੇ ਕਾਰਜ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਇਹ ਘਟਨਾ ਝੁੱਗੀ-ਝੌਂਪੜੀ ਇਲਾਕੇ 'ਚ ਚੋਅ ਦਾ ਪਾਣੀ ਆਉਣ ਕਾਰਨ ਨਹੀਂ ਵਾਪਰੀ, ਸਗੋਂ ਬੱਚਿਆਂ ਦੇ ਪਾਣੀ ਦੇ ਵਿਚਕਾਰ ਜਾ ਕੇ ਨਹਾਉਣ ਦੌਰਾਨ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਜ਼ਿਲਾ ਰੈੱਡ ਕਰਾਸ ਸੁਸਾਇਟੀ ਤੋਂ ਕੁਝ ਸਹਾਇਤਾ ਰਾਸ਼ੀ ਦੇਣ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ 'ਚੋਂ ਸਹਾਇਤਾ ਦਿਵਾਉਣ ਲਈ ਕੇਸ ਤਿਆਰ ਕਰ ਕੇ ਜਲਦ ਚੰਡੀਗੜ੍ਹ ਭੇਜ ਦਿੱਤਾ ਜਾਵੇਗਾ।


Related News