ਹਾਈਵੇਅ ’ਤੇ ਟਰੱਕ ਚਾਲਕਾਂ ਨੂੰ ਘੇਰ ਕੇ ਲੁੱਟਾਂ-ਖੋਹਾਂ ਕਰਨ ਵਾਲੇ 3 ਗ੍ਰਿਫ਼ਤਾਰ

Thursday, Jul 11, 2024 - 01:24 PM (IST)

ਹਾਈਵੇਅ ’ਤੇ ਟਰੱਕ ਚਾਲਕਾਂ ਨੂੰ ਘੇਰ ਕੇ ਲੁੱਟਾਂ-ਖੋਹਾਂ ਕਰਨ ਵਾਲੇ 3 ਗ੍ਰਿਫ਼ਤਾਰ

ਸੰਗਤ ਮੰਡੀ (ਮਨਜੀਤ) : ਬਠਿੰਡਾ–ਡੱਬਵਾਲੀ ਰਾਸ਼ਟਰੀ ਮਾਰਗ ’ਤੇ ਲਿਫਟ ਲੈ ਕੇ ਟਰੱਕ ਚਾਲਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਡੀ. ਐੱਸ. ਪੀ. ਮਨਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਰਾਸ਼ਟਰੀ ਮਾਰਗ ’ਤੇ ਟਰੱਕ ਚਾਲਕਾਂ ਤੋਂ ਲਿਫਟ ਲੈਣ ਦਾ ਡਰਾਮਾ ਕਰ ਕੇ ਉਨ੍ਹਾਂ ਦੀ ਲੁੱਟ-ਖੋਹ ਕਰਦੇ ਹਨ।

ਪੁਲਸ ਚੌਂਕੀ ਪਥਰਾਲਾ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਵਦੀਪ ਸਿੰਘ ਉਰਫ਼ ਦੀਪਾ ਪੁੱਤਰ ਕਰਮ ਸਿੰਘ ਵਾਸੀ ਪਿੰਡ ਅਜਨੌਦ ਜ਼ਿਲ੍ਹਾ ਲੁਧਿਆਣਾ, ਜਗਸੀਰ ਸਿੰਘ ਉਰਫ਼ ਗਨੀ ਪੁੱਤਰ ਰਣਜੀਤ ਸਿੰਘ ਵਾਸੀ ਬਸਤੀ ਨੰਬਰ-6 ਬੀੜ ਤਲਾਬ ਬਠਿੰਡਾ ਅਤੇ ਧਰਮਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਅਜਮੇਰ ਸਿੰਘ ਵਾਸੀ ਸੀੜੀਆਂ ਵਾਲਾ ਮੁਹੱਲਾ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਵੱਲੋਂ ਜੱਸੀ ਬਾਗਵਾਲੀ ਪਿੰਡ ਨਜ਼ਦੀਕ ਟਰਾਲਾ ਚਾਲਕ ਗੁਰਵਿੰਦਰ ਸਿੰਘ ਉਰਫ਼ ਸਾਭਾ ਪੁੱਤਰ ਜਰਨੈਲ ਸਿੰਘ ਵਾਸੀ ਮਨਿਆਲ ਜ਼ਿਲ੍ਹਾ ਤਰਨਤਾਰਨ ਤੋਂ ਲਿਫਟ ਲੈਣ ਦਾ ਬਹਾਨਾ ਬਣਾ ਕੇ ਉਸ ਨੂੰ ਰੋਕ ਕੇ ਉਸ ਦੇ ਪਰਸ ਜਿਸ ’ਚੋਂ ਏ. ਟੀ. ਐੱਮ. ਕਾਰਡ, ਆਧਾਰ ਕਾਰਡ, 1500 ਰੁਪਏ, ਮੋਬਾਇਲ ਫੋਨ, ਗੱਡੀ ਦੇ ਕਾਗਜ਼ਾਤ ਵਾਲੀ ਫਾਈਲ, ਅਤੇ ਟਰਾਲੇ ’ਚ ਲੱਗੇ ਡੈੱਕ ਦੀ ਲੁੱਟ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮਾਂ ਤੋਂ ਹੋਰ ਵੀ ਅਜਿਹੇ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
 


author

Babita

Content Editor

Related News