ਪਠਾਨਕੋਟ ਏਅਰਬੇਸ ਨੇੜੇ ਦੇਖੇ 3 ਹਥਿਆਰਬੰਦ ਸ਼ੱਕੀ, ਲੋਕਾਂ ''ਚ ਸਹਿਮ

Friday, Apr 20, 2018 - 12:51 AM (IST)

ਪਠਾਨਕੋਟ,   (ਸ਼ਾਰਦਾ)-  ਏਅਰਬੇਸ ਅੱਤਵਾਦੀ ਹਮਲੇ ਦੇ ਸਵਾ ਦੋ ਸਾਲਾਂ ਮਗਰੋਂ ਨਗਰ ਦਾ ਢੱਕੀ ਇਲਾਕਾ ਜੋ ਕਿ ਏਅਰਬੇਸ ਨਾਲ ਲੱਗਦਾ ਹੈ, ਉਸ ਸਮੇਂ ਮੁੜ ਤੋਂ ਸੁਰੱਖੀਆਂ ਵਿਚ ਆ ਗਿਆ ਜਦੋਂ ਬੀਤੀ ਅੱਧੀ ਰਾਤ 3 ਹਥਿਆਰਬੰਦ ਸ਼ੱਕੀ ਦੇਖੇ ਜਾਣ ਤੋਂ ਬਾਅਦ ਇਥੇ ਆਮ ਜਨਤਾ ਵਿਚ ਸਹਿਮ ਪੈਦਾ ਹੋ ਗਿਆ। ਪੁਲਸ ਸੂਚਨਾ ਮਿਲਦੇ ਹੀ ਤੁਰੰਤ ਹਰਕਤ ਵਿਚ ਆ ਗਈ ਅਤੇ ਢੱਕੀ ਇਲਾਕੇ ਦੇ ਆਸੇ-ਪਾਸੇ ਪੂਰੀ ਰਾਤ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਬਾਅਦ ਅੱਜ ਪਹੁ ਫਟਣ ਦੇ ਬਾਅਦ ਪੁਲਸ ਨਾਲ ਸਵੈਟ ਟੀਮਾਂ ਨੇ ਆਈ. ਟੀ. ਆਈ. ਬਿਲਡਿੰਗ ਜਿਥੇ ਸ਼ੱਕੀਆਂ ਦੇ ਲੁਕੇ ਹੋਣ ਦਾ ਸ਼ੱਕ ਸੀ, ਨੂੰ ਸੁਰੱਖਿਆ ਘੇਰੇ ਵਿਚ ਲੈ ਕੇ ਵਿਆਪਕ ਤੌਰ 'ਤੇ ਤਲਾਸ਼ੀ ਲਈ।
ਤਲਾਸ਼ੀ ਲੈਣ ਵਾਲੇ ਸੁਰੱਖਿਆ ਬਲਾਂ ਦੀ ਟੀਮ ਦੀ ਕਮਾਂਡ ਐੱਸ. ਪੀ. ਧਰਮਵੀਰ ਅਤੇ ਐੱਸ. ਪੀ. ਭਾਗੀਰਥ ਮੀਨਾ ਨੇ ਸੰਭਾਲੀ। ਉਥੇ ਹੀ ਬਲੈਕ ਕਮਾਂਡੋ ਅਤੇ ਸਵੈਟ ਟੀਮ ਨੇ ਵੀ ਪੁਲਸ ਨਾਲ ਉਪਰੋਕਤ ਇਲਾਕੇ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ। 
ਵਰਨਣਯੋਗ ਹੈ ਕਿ ਬੀਤੀ ਰਾਤ ਸਾਢੇ 11 ਵਜੇ ਊਧਮਪੁਰ ਵਿਖੇ ਤਾਇਨਾਤ ਦਰਸ਼ਨ ਲਾਲ ਜੋ ਕਿ ਢੱਕੀ ਇਲਾਕੇ ਦਾ ਵਾਸੀ ਹੈ, ਆਪਣੇ ਘਰੋਂ ਜਿਵੇਂ ਹੀ ਬਾਹਰ ਨਿਕਲਿਆ ਤਾਂ ਉਸ ਨੇ ਆਪਣੀ ਗਲੀ ਵਿਚ 3 ਸ਼ੱਕੀ ਹਥਿਆਰਬੰਦ ਵਿਅਕਤੀਆਂ ਨੂੰ ਦੇਖਿਆ। ਇਸ 'ਤੇ ਉਸ ਨੇ ਇਸ ਬਾਰੇ ਆਪਣੇ ਗੁਆਂਢੀ ਬਸੰਤ ਨੂੰ ਦੱਸਿਆ ਅਤੇ ਬਸੰਤ ਨੇ ਵੀ ਸ਼ੱਕੀਆਂ ਨੂੰ ਦੇਖੇ ਜਾਣ ਦੀ ਹਾਮੀ ਭਰੀ।
ਉਥੇ ਹੀ ਦੂਜੇ ਪਾਸੇ ਐੱਸ. ਪੀ. ਧਰਮਵੀਰ ਨੇ ਦੱਸਿਆ ਕਿ ਬੀਤੀ ਰਾਤ ਪੁਲਸ ਨੂੰ ਚਸ਼ਮਦੀਦਾਂ ਨੇ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੇ ਇਸ ਇਲਾਕੇ ਵਿਚ 3 ਸ਼ੱਕੀ ਹਾਲਤ ਵਿਚ ਘੁੰਮਦੇ ਵਿਅਕਤੀ ਦੇਖੇ ਹਨ। ਸੂਚਨਾ ਦਾ ਨੋਟਿਸ ਲੈਂਦਿਆਂ ਪੁਲਸ ਨੇ ਤੁਰੰਤ ਹਰਕਤ ਵਿਚ ਆ ਕੇ ਉਪਰੋਕਤ ਇਲਾਕੇ ਵਿਚ ਪੂਰੀ ਰਾਤ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਬਾਅਦ ਫਿਰ ਸਵੇਰ ਹੋਣ 'ਤੇ ਸਰਕਾਰੀ ਆਈ. ਟੀ. ਆਈ. ਦੀ ਪੁਰਾਣੀ ਬਿਲਡਿੰਗ ਦਾ ਚੱਪਾ-ਚੱਪਾ ਫਰੋਲਿਆ। ਉਨ੍ਹਾਂ ਕਿਹਾ ਕਿ ਪੁਲਸ ਨੇ ਇਸ ਇਲਾਕੇ ਵਿਚ ਤਲਾਸ਼ੀ ਮੁਹਿੰਮ ਪੂਰੀ ਕਰ ਲਈ ਹੈ ਪਰ ਕੋਈ ਵੀ ਸ਼ੱਕੀ ਹੱਥ ਨਹੀਂ ਲੱਗਾ। 
ਦੂਸਰੇ ਪਾਸੇ ਖਬਰ ਲਿਖੇ ਜਾਣ ਤੱਕ ਪੁਲਸ ਉਪਰੋਕਤ ਇਲਾਕੇ ਵਿਚ ਸ਼ੱਕੀਆਂ ਦੀ ਭਾਲ ਵਿਚ ਪੂਰੇ ਯਤਨ ਕਰ ਰਹੀ ਸੀ। ਉਥੇ ਹੀ ਫੌਜ ਦੀ ਕਿਊ. ਆਰ. ਟੀ. ਨੇ ਵੀ ਮੌਕੇ 'ਤੇ ਪਹੁੰਚ ਕੇ ਸੁਰੱਖਿਆ ਯਕੀਨੀ ਕੀਤੀ ਅਤੇ ਸਥਿਤੀ ਦੀ ਸਮੀਖਿਆ ਕੀਤੀ।


Related News