ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ 3 ਦੋਸ਼ੀਆਂ ਨੂੰ 10-10 ਸਾਲ ਦੀ ਕੈਦ
Tuesday, Apr 08, 2025 - 10:32 AM (IST)

ਬਠਿੰਡਾ (ਸੁਖਵਿੰਦਰ) : ਬਠਿੰਡਾ ਦੀ ਜ਼ਿਲ੍ਹਾ ਅਦਾਲਤ ਨੇ ਇਕ ਮਹੱਤਵਪੂਰਨ ਫ਼ੈਸਲਾ ਸੁਣਾਉਂਦਿਆਂ 3 ਦੋਸ਼ੀਆਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ’ਚ 10-10 ਸਾਲ ਦੀ ਕੈਦ ਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਵਾਧੂ ਜ਼ਿਲ੍ਹਾ ਐਂਡ ਸੈਸ਼ਨ ਜੱਜ ਮੋਨਿਕਾ ਲਾਂਬਾ ਦੀ ਅਦਾਲਤ ਨੇ 12 ਸਾਲ ਪੁਰਾਣੇ ਕੇਸ ਵਿਚ ਦਿੱਤਾ। ਪੀੜਤ ਪੱਖ ਵੱਲੋਂ ਵਕੀਲ ਹਰਪਿੰਦਰ ਸਿੰਘ ਸਿੱਧੂ ਦੀਆਂ ਦਲੀਲਾਂ ਨੂੰ ਮੰਨਦੇ ਹੋਏ ਅਦਾਲਤ ਨੇ ਇਹ ਫ਼ੈਸਲਾ ਲਿਆ। ਜਾਣਕਾਰੀ ਅਨੁਸਾਰ 1 ਮਈ, 2013 ਨੂੰ ਥਾਣਾ ਕੈਂਟ ਵਿਚ ਭਗਵਾਨ ਦਾਸ, ਮੋਨਿਕਾ ਗਰਗ ਅਤੇ ਹਿੰਮਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ।
ਇਨ੍ਹਾਂ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਵਕੀਲ ਦਰਸ਼ਨ ਸਿੰਘ ਨੂੰ ਇਸ ਹੱਦ ਤੱਕ ਪਰੇਸ਼ਾਨ ਕੀਤਾ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ। ਦਰਸ਼ਨ ਸਿੰਘ ਦੀ ਪਤਨੀ ਨਵਨਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਮਈ 2013 ਵਿਚ ਉਸ ਦੇ ਪਤੀ ਨੇ ਆਪਣੇ ਘਰ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਹਿੰਮਤ ਸਿੰਘ ਦੇ ਦਬਾਅ ਹੇਠ ਦਰਸ਼ਨ ਸਿੰਘ ਨੇ ਮੋਨਿਕਾ ਗਰਗ ਨੂੰ ਗਾਰੰਟਰ ਬਣਾ ਕੇ ਪੰਜਾਬ ਐਂਡ ਸਿੰਧ ਬੈਂਕ ਤੋਂ 1 ਕਰੋੜ 45 ਲੱਖ ਰੁਪਏ ਦਾ ਕਰਜ਼ਾ ਲਿਆ ਸੀ।
ਕਰਜ਼ਾ ਨਾ ਮੋੜਨ ਕਾਰਨ ਬੈਂਕ ਨੇ ਉਸ ਦੀ ਜਾਇਦਾਦ ਜ਼ਬਤ ਕਰ ਲਈ, ਜਿਸ ਵਿਚ 295 ਮਰਲੇ ਦਾ ਪਲਾਟ (ਕਰੀਬ 2 ਕਰੋੜ ਰੁਪਏ ਮੁੱਲ) ਸਿਰਫ 1 ਕਰੋੜ 1 ਲੱਖ ਰੁਪਏ ਵਿਚ ਨਿਲਾਮ ਹੋ ਗਿਆ। ਦਰਸ਼ਨ ਸਿੰਘ ਨੇ ਦੋਸ਼ੀਆਂ ਕੋਲੋਂ ਮਦਦ ਦੀ ਅਪੀਲ ਵੀ ਕੀਤੀ ਪਰ ਕੋਈ ਸੁਣਵਾਈ ਨਾ ਹੋਈ। ਇੱਥੋਂ ਤੱਕ ਕਿ 30-30 ਲੱਖ ਦੇ 2 ਚੈੱਕ ਵੀ ਦਿੱਤੇ ਗਏ, ਜੋ ਬਾਊਂਸ ਹੋ ਗਏ। ਥੱਕ-ਹਾਰ ਕੇ ਦਰਸ਼ਨ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਅਤੇ ਆਪਣੇ ਖ਼ੁਦਕੁਸ਼ੀ ਨੋਟ ਵਿਚ ਤਿੰਨੇ ਦੋਸ਼ੀਆਂ ਦੇ ਨਾਂ ਲਿਖੇ। ਪੁਲਸ ਨੇ ਕੇਸ ਦਰਜ ਕਰ ਕੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਸੀ। ਹੁਣ 12 ਸਾਲ ਬਾਅਦ ਅਦਾਲਤ ਨੇ ਇਨਸਾਫ਼ ਕਰਦਿਆਂ ਉਨ੍ਹਾਂ ਨੂੰ ਸਜ਼ਾ ਸੁਣਾਈ ਹੈ।