ਅੱਤਵਾਦੀ ਮਾਡਿਊਲ ਦਾ ਪਰਦਾਫ਼ਾਸ਼, ਨਵਾਂਸ਼ਹਿਰ ਦੇ CIA ਸਟਾਫ਼ ’ਚ ਗ੍ਰਨੇਡ ਹਮਲਾ ਕਰਨ ਵਾਲੇ 3 ਦੋਸ਼ੀ ਗ੍ਰਿਫ਼ਤਾਰ
Tuesday, Apr 19, 2022 - 02:57 PM (IST)
ਨਵਾਂਸ਼ਹਿਰ (ਤ੍ਰਿਪਾਠੀ)-7 ਨਵੰਬਰ 2021 ਨੂੰ ਨਵਾਂਸ਼ਹਿਰ ਦੇ ਸੀ. ਆਈ. ਏ. ਸਟਾਫ਼ ਵਿਚ ਅੱਧੀ ਰਾਤ ਨੂੰ ਪੁਲਸ ਮੁਲਾਜ਼ਮਾਂ ’ਤੇ ਹੈਂਡ ਗ੍ਰਨੇਡ ਸੁੱਟਣ ਵਾਲੇ ਅੱਤਵਾਦੀ ਮਾਡਿਊਲ ਦਾ ਪਰਦਾਫ਼ਾਸ਼ ਹੋਇਆ ਹੈ। ਇਸ ਮਾਮਲੇ ਨਾਲ ਸਬੰਧਿਤ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਚਾਈਨਾ ਮੇਡ ਹੈਂਡ ਗ੍ਰਨੇਡ ਤੇ ਵਾਰਦਾਤ ’ਚ ਵਰਤੀ ਗਈ ਬਾਈਕ ਬਰਾਮਦ ਕੀਤੇ ਗਏ ਹਨ। ਪਾਕਿ ’ਚ ਬੈਠ ਕੇ ਅੱਤਵਾਦੀ ਕਾਰਵਾਈਆਂ ਚਲਾ ਰਹੇ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਅੱਤਵਾਦੀ ਮਾਡਿਊਲ ’ਚ ਸ਼ਾਮਲ ਗ੍ਰਿਫ਼ਤਾਰ ਮੈਂਬਰਾਂ ਨੂੰ ਪੁਲਸ ਨੇ ਅੱਜ ਅਦਾਲਤ ’ਚ ਪੇਸ਼ ਕਰਕੇ 7 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਡਾਇਰੈਕਟਰ ਪੁਲਸ ਵੀ. ਕੇ. ਭਵਰਾ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਦੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਬੀਤੇ ਸਾਲ 7 ਨਵੰਬਰ ਦੀ ਅੱਧੀ ਰਾਤ ਨੂੰ ਬੰਗਾ ਰੋਡ ਸਥਿਤ ਸੀ. ਆਈ. ਏ. ਸਟਾਫ ਵਿਖੇ ਬਾਈਕ ਸਵਾਰ 2 ਅਣਪਛਾਤੇ ਨੌਜਵਾਨਾਂ ਵੱਲੋਂ ਹੈਂਡ ਗ੍ਰਨੇਡ ਨਾਲ ਬਲਾਸਟ ਕੀਤਾ ਗਿਆ ਸੀ, ਜਿਸ ’ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ।
ਇਹ ਵੀ ਪੜ੍ਹੋ : ਸੰਗਰੂਰ ’ਚ ਦਰਦਨਾਕ ਸੜਕ ਹਾਦਸਾ, ਬੱਸ ਨੇ 4 ਸਕੂਲੀ ਬੱਚਿਆਂ ਨੂੰ ਦਰੜਿਆ, 1 ਦੀ ਮੌਤ
ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਐੱਸ. ਪੀ. ਸਰਬਜੀਤ ਸਿੰਘ ਵਾਹੀਆ ਅਤੇ ਡੀ. ਐੱਸ. ਪੀ. ਹਰਜੀਤ ਸਿੰਘ ਦੀ ਅਗਵਾਈ ਵਾਲੀਆਂ 3 ਵੱਖ-ਵੱਖ ਟੀਮਾਂ ਨੂੰ ਸੌਂਪੀ ਗਈ ਸੀ। ਜਾਂਚ ਦੇ ਆਧਾਰ ’ਤੇ ਮਿਲੇ ਠੋਸ ਸਬੂਤਾਂ ਦੇ ਆਧਾਰ ’ਤੇ ਪੁਲਸ ਨੇ ਬਲਾਸਟ ਦੇ ਦੋਸ਼ੀ ਮਨੀਸ਼ ਕੁਮਰ ਉਰਫ ਮਨੀ ਉਰਫ ਬਾਬਾ ਵਾਸੀ ਪਿੰਡ ਬੈਂਸ ਥਾਣਾ ਸਦਰ ਨਵਾਂਸ਼ਹਿਰ, ਰਮਨਦੀਪ ਸਿੰਘ ਉਰਫ ਜੱਖੂ ਵਾਸੀ ਅੱਟਾ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਅਤੇ ਪ੍ਰਦੀਪ ਸਿੰਘ ਉਰਫ ਭੱਟੀ ਵਾਸੀ ਪਿੰਡ ਸਾਹਲੋਂ (ਨਵਾਂਸ਼ਹਿਰ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 1 ਜ਼ਿੰਦਾ ਗ੍ਰਨੇਡ ਅਤੇ ਵਾਰਦਾਤ ’ਚ ਵਰਤੀ ਗਈ ਬਾਈਕ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਪੁਲਸ ਦੀ ਲਗਾਤਾਰ ਜਾਂਚ ਤੋਂ ਬਾਅਦ ਕਾਊਂਟਰ ਇੰਟੈਲੀਜੈਂਸੀ ਵਿੰਗ ਅਤੇ ਜ਼ਿਲ੍ਹਾ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੇ ਚੱਲਦਿਆਂ ਹੀ ਪੁਲਸ ਨੂੰ ਪਾਕਿ ਆਧਾਰਿਤ ਹਰਵਿੰਦਰ ਸਿੰਘ ਉਰਫ ਰਿੰਦਾ ਮੁੱਖ ਸਾਜ਼ਿਸ਼ਕਰਤਾ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ’ਚ ਸਫ਼ਲਤਾ ਹਾਸਲ ਹੋਈ ਹੈ। ਪੁਲਸ ਜਾਣਕਾਰੀ ’ਚ ਸਾਹਮਣੇ ਆਇਆ ਹੈ ਕਿ ਉਕਤ ਦੋਸ਼ੀਆਂ ਵੱਲੋਂ ਪਾਕਿ ਬਾਰਡਰ ਤੋਂ ਆਈ ਹੈਂਡ ਗ੍ਰਨੇਡ ਦੀ ਖੇਪ ’ਚ 2 ਹੈਂਡ ਗ੍ਰਨੇਡ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਹੁਕਮਾਂ ’ਤੇ ਲੁਧਿਆਣਾ-ਫਿਰੋਜ਼ਪੁਰ ਰੋਡ ਤੋਂ ਪਿੱਕ ਕੀਤੇ ਗਏ ਸਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਹੈਂਡ ਗ੍ਰਨੇਡ ਲਈ ਪਾਕਿ ਆਕਾ ਹਰਵਿੰਦਰ ਸਿੰਘ ਉਰਫ ਰਿੰਦਾ ਵੱਲੋਂ ਰਮਨਦੀਪ ਸਿੰਘ ਨੂੰ 4 ਲੱਖ ਰੁਪਏ ਦੀ ਅਦਾਇਗੀ ਕਰਨੀ ਸੀ, ਜਿਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਉਕਤ ਅਦਾਇਗੀ ਹੋ ਸਕੀ ਜਾਂ ਨਹੀਂ।