ਚੰਡੀਗੜ੍ਹ : 28 ਪੁਲਸ ਵਾਲੇ ਰਿਸ਼ਵਤ ਲੈਂਦੇ ਕੈਮਰੇ ''ਚ ਕੈਦ, ਹਾਈਕੋਰਟ ਪੁੱਜਾ ਮਾਮਲਾ

02/18/2020 11:39:35 AM

ਚੰਡੀਗੜ੍ਹ (ਹਾਂਡਾ) : ਲੁਧਿਆਣਾ ਦੀ ਦੁਰਗਾ ਮਾਰਕਿਟ 'ਚ ਲਾਟਰੀ ਏਜੰਟ ਦਾ ਕੰਮ ਕਰਨ ਵਾਲੇ ਇਕ ਕਾਰੋਬਾਰੀ ਨੂੰ 28 ਪੁਲਸ ਵਾਲਿਆਂ ਨੇ ਉਸ ਖਿਲਾਫ਼ ਆਪਰਾਧਿਕ ਮਾਮਲਾ ਦਰਜ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕੀਤਾ ਅਤੇ ਰਿਸ਼ਵਤ ਲਈ। ਰਿਸ਼ਵਤ ਲੈਂਦੇ ਸਾਰੇ 28 ਪੁਲਸ ਵਾਲਿਆਂ ਦੀ ਤਸਵੀਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੈ। ਏਜੰਟ ਸੁਭਾਸ਼ ਉਰਫ ਲਾਟੀ ਨੇ ਮੁਲਜ਼ਮ ਸਾਰੇ ਪੁਲਸ ਵਾਲਿਆਂ ਦੀ ਰਿਸ਼ਵਤ ਲੈਂਦਿਆਂ ਦੀ ਰਿਕਾਰਡਿੰਗ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਨਾਲ ਭੇਜੀ ਅਤੇ ਕਾਰਵਾਈ ਦੀ ਮੰਗ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਕੇ ਰਿਸ਼ਵਤਖੋਰ ਪੁਲਸ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਗੁਹਾਰ ਲਗਾਈ ਹੈ।

ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਕਾਰਵਾਈ ਨਾ ਕਰਨ 'ਤੇ ਫਟਕਾਰ ਲਾਉਂਦਿਆਂ ਇਕ ਮਹੀਨੇ 'ਚ ਕਾਰਵਾਈ ਕਰਕੇ ਕੋਰਟ 'ਚ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਨਾਲ ਹੀ ਪੁਲਸ ਨੂੰ ਲਾਟਰੀ ਏਜੰਟ ਅਤੇ ਸ਼ਿਕਾਇਤਕਰਤਾ ਸੁਭਾਸ਼ ਉਰਫ਼ ਲਾਟੀ ਦੀ ਸੁਰੱਖਿਆ ਵੀ ਯਕੀਨੀ ਕਰਨ ਨੂੰ ਕਿਹਾ ਹੈ। ਜਸਟਿਸ ਅਰੁਣ ਕੁਮਾਰ ਤਿਆਗੀ ਦੀ ਕੋਰਟ 'ਚ ਦਾਖਲ ਪਟੀਸ਼ਨ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਲਾਟਰੀ ਦਾ ਕੰਮ ਕਰਦਿਆਂ ਕਈ ਪੁਲਸ ਵਾਲੇ ਉਸ ਦੇ ਧੰਦੇ ਨੂੰ ਗੈਰ-ਕਾਨੂੰਨੀ ਦੱਸਦਿਆਂ ਉਸ ਖਿਲਾਫ਼ ਕਾਰਵਾਈ ਦੀ ਗੱਲ ਕਹਿ ਕੇ ਰਿਸ਼ਵਤ ਲੈਂਦੇ ਰਹੇ।

ਜਦੋਂ ਰਿਸ਼ਵਤਖੋਰੀ ਦੀ ਹੱਦ ਹੋ ਗਈ ਤਾਂ ਉਸ ਨੇ ਦੁਕਾਨ ਦੇ ਅੰਦਰ ਸੀ. ਸੀ. ਟੀ.ਵੀ. ਕੈਮਰਾ ਲਗਵਾਇਆ ਅਤੇ ਇਕ ਮਹੀਨੇ 'ਚ ਹੀ 28 ਰਿਸ਼ਵਤਖੋਰ ਪੁਲਸ ਵਾਲਿਆਂ ਦੀ ਤਸਵੀਰ ਧਮਕੀਆਂ ਦੇ ਕੇ ਰਿਸ਼ਵਤ ਲੈਂਦੇ ਕੈਮਰੇ 'ਚ ਕੈਦ ਕਰ ਲਈ। 19 ਨਵੰਬਰ, 2019 ਨੂੰ ਸਾਰੇ ਮੁਲਜ਼ਮ 28 ਪੁਲਸ ਵਾਲਿਆਂ ਦੀ ਰਿਸ਼ਵਤ ਲੈਂਦਿਆਂ ਡੀ. ਵੀ. ਡੀ. ਸ਼ਿਕਾਇਤ ਨਾਲ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਭੇਜੀ ਗਈ, ਜਿਸ 'ਚ ਕਿਹਾ ਗਿਆ ਕਿ ਲੋਕਾਂ ਦਾ ਵਿਸ਼ਵਾਸ ਪੁਲਸ 'ਤੇ ਬਣਿਆ ਰਹੇ, ਇਸ ਲਈ ਉਕਤ ਸ਼ਿਕਾਇਤ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਲੁਧਿਆਣਾ ਦੇ ਪੁਲਸ ਕਮਿਸ਼ਨਰ ਵਲੋਂ ਜਦੋਂ ਕੋਈ ਜਵਾਬ ਜਾਂ ਕਾਰਵਾਈ ਨਹੀਂ ਹੋਈ ਤਾਂ ਸੁਭਾਸ਼ ਨੇ ਐਡਵੋਕੇਟ ਰੰਜਨ ਲਖਨਪਾਲ ਦੀ ਮਾਰਫ਼ਤ ਹਾਈਕੋਰਟ 'ਚ ਪਟੀਸ਼ਨ ਦਾਖਲ ਕਰ ਦਿੱਤੀ। ਮਾਮਲੇ ਦੀ ਅਗਲੀ ਸੁਣਵਾਈ 25 ਮਾਰਚ ਨੂੰ ਹੋਵੇਗੀ।


Babita

Content Editor

Related News