ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਦੇ 266 ਨਵੇਂ ਮਾਮਲੇ ਆਏ ਸਾਹਮਣੇ, 9 ਦੀ ਮੌਤ

Wednesday, Sep 23, 2020 - 02:19 AM (IST)

ਅੰਮ੍ਰਿਤਸਰ,(ਦਲਜੀਤ)- ਕੋਰੋਨਾ ਵਾਇਰਸ ਦਾ ਮੱਕੜ ਜਾਲ ਲਗਾਤਾਰ ਜ਼ਿਲੇ ’ਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਜ਼ਿਲੇ ’ਚ ਅੱਜ ਜਿੱਥੇ 6 ਔਰਤਾਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ, ਉੱਥੇ ਹੀ ਬੀ. ਐੱਸ. ਐੱਫ਼. ਦੇ 26 ਜਵਾਨਾਂ, 3 ਡਾਕਟਰਾਂ ਅਤੇ 2 ਸਟਾਫ ਨਰਸਾਂ ਸਮੇਤ 266 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਫਿਲਹਾਲ ਹੁਣ ਤਕ ਜ਼ਿਲੇ ’ਚ ਮਰਨ ਵਾਲਿਆਂ ਦੀ ਗਿਣਤੀ 322 ਤਕ ਪਹੁੰਚ ਗਈ ਹੈ, ਜਦੋਂ ਕਿ ਪੀੜਤਾਂ ਦੀ ਗਿਣਤੀ 8690 ਪਹੁੰਚ ਚੁੱਕੀ ਹੈ ਅਤੇ ਇਸ ’ਚੋਂ 6566 ਠੀਕ ਹੋ ਚੁੱਕੇ ਹਨ। 1802 ਦਾ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਤੇਜੀ ਨਾਲ ਜ਼ਿਲੇ ’ਚ ਫੈਲਦਾ ਜਾ ਰਿਹਾ ਹੈ। ਵਾਇਰਸ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਮੌਤ ਦੀ ਨੀਂਦ ਸਵਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਪਰ ਕੁਝ ਲੋਕ ਨਿਯਮਾਂ ਨੂੰ ਨਾ ਮੰਨ ਕੇ ਕੋਰੋਨਾ ਵਾਇਰਸ ਨੂੰ ਵਧਾ ਰਹੇ ਹਨ । ਅੱਜ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ 4 ਅਜਿਹੇ ਸਨ, ਜਿਨ੍ਹਾਂ ਨੂੰ ਸਾਹ ਲੈਣ ’ਚ ਮੁਸ਼ਕਿਲ ਸੀ ਅਤੇ ਉਹ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਸਨ।

ਬੀ. ਐੱਸ. ਐੱਫ਼. ਦੇ ਹੁਣ ਤਕ 100 ਤੋਂ ਵੱਧ ਜਵਾਨ ਪਾਜ਼ੇਟਿਵ ਆ ਚੁੱਕੇ ਹਨ, ਜਿਹੜੇ ਫੌਜ ਲਈ ਖ਼ਤਰਾ ਹਨ। ਟੈਸਟਿੰਗ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਵੀਰ ਸਿੰਘ ਆਪ ਫੀਲਡ ’ਚ ਜਾ ਕੇ ਲੋਕਾਂ ਨੂੰ ਜਿੱਥੇ ਜਾਂਚ ਕਰਵਾਉਣ ਲਈ ਜਾਗਰੂਕ ਕਰ ਰਹੇ ਹਨ, ਉੱਥੇ ਹੀ ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾ ਰਹੇ ਹਨ। ਸਿਹਤ ਵਿਭਾਗ ਅਨੁਸਾਰ ਵੈਂਟੀਲੇਟਰ ’ਤੇ 4 ਮਰੀਜ਼ ਜਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ, ਜਦੋਂਕਿ 89 ਮਰੀਜ਼ ਆਈ. ਸੀ. ਯੂ. ’ਚ ਦਾਖਲ ਹਨ ਅਤੇ 90 ਸਾਹ ਨਾ ਆਉਣ ਕਾਰਣ ਆਕਸੀਜਨ ਦੀ ਸਪੋਰਟ ’ਤੇ ਹਨ।

ਨਾਂ ਉਮਰ ਪਤਾ        ਹਸਪਤਾਲ       ਬੀਮਾਰੀ

1 ਸਰਬਜੀਤ ਕੌਰ (43) , ਗੁਰੂਵਾਲੀ ਤਰਨਤਾਰਨ ਰੋਡ , ਗੁਰੂ ਨਾਨਕ ਦੇਵ ਹਸਪਤਾਲ ਹਾਰਟ ਦੀ ਸਮੱਸਿਆ ।

2 ਮਨਜੀਤ ਕੌਰ (47) , ਚੱਠਾ , ਗੁਰੂ ਨਾਨਕ ਦੇਵ ਹਸਪਤਾਲ , ਹਾਰਟ ਦੀ ਸਮੱਸਿਆ ।

3 ਰਾਜੀਵ (64) , ਕਰਤਾਰ ਨਗਰ ਛੇਹਰਟਾ , ਈ. ਐੱਮ. ਸੀ. ਹਸਪਤਾਲ , ਹਾਈਪਰਟੈਂਸ਼ਨ ਅਤੇ ਦਿਲ ਦੀ ਸਮੱਸਿਆ

4 ਕ੍ਰਿਸ਼ਨਕੁਮਾਰ (70) , ਨਿਊ ਤਹਿਸੀਲਪੁਰਾ, ਈ. ਐੱਮ. ਸੀ. ਹਸਪਤਾਲ , ਕੋਵਿਡ ਨਮੋਨੀਆ ।

5 ਸੀਮਾ (35) , ਹਰੀਪੁਰਾ , ਗੁਰੂ ਨਾਨਕ ਦੇਵ ਹਸਪਤਾਲ , ਸਾਹ ਦੀ ਸਮੱਸਿਆ ।

6 ਜੋਗਿੰਦਰ ਕੌਰ (67) , ਐੱਸ. ਏ. ਇਨਕਲੇਵ , ਗੁਰੂ ਨਾਨਕ ਦੇਵ ਹਸਪਤਾਲ , ਹਾਈਪਰਟੈਂਸ਼ਨ , ਦਿਲ ਦੀ ਸਮੱਸਿਆ ।

7 ਬਸੰਤੀ ਦੇਵੀ (55) , ਗੁਰੂ ਨਾਨਕਪੁਰਾ , ਗੁਰੂ ਨਾਨਕ ਦੇਵ ਹਸਪਤਾਲ , ਦਿਲ ਅਤੇ ਸਾਹ ਦੀ ਸਮੱਸਿਆ ।

8 ਅਮਰੀਕ ਸਿੰਘ (77) , ਅਜਨਾਲਾ , ਅਰੋੜਾ ਹਸਪਤਾਲ, ਕੋਵਿਡ ਨਿਮੋਨਿਆ ।

9 ਜੋਗਿੰਦਰ ਕੌਰ (102) , ਸੰਧੂ ਕਾਲੋਨੀ , ਘਰ ’ਚ ਮੌਤ , ਕੋਵਿਡ ਨਿਮੋਨੀਆ ।

ਬਾਕਸ

ਪ੍ਰਸ਼ਾਸਨ ਨੇ 4000 ਨਿੱਤ ਦਾ ਰੱਖਿਆ ਟੈਸਟਿੰਗ ਟਾਰਗੇਟ : ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਤੇ ਜ਼ਿਲੇ ਦੇ ਟੈਸਟਿੰਗ ਇੰਚਾਰਜ ਰਣਵੀਰ ਸਿੰਘ ਮੂਧਲ ਨੇ ਦੱਸਿਆ ਕਿ ਅੱਜ ਜ਼ਿਲੇ ’ਚ 3170 ਲੋਕਾਂ ਦੇ ਕੋਰੋਨਾ ਵਾਇਰਸ ਟੈਸਟ ਲਏ ਗਏ ਹਨ, ਜਦਕਿ ਨਿਤ 4000 ਲੋਕਾਂ ਦਾ ਟੈਸਟ ਕਰਨ ਦਾ ਟਾਰਗੇਟ ਨਿਰਧਾਰਿਤ ਕੀਤਾ ਗਿਆ ਹੈ। ਮੂਧਲ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਧਿਕਾਰੀਆਂ ਦੀ ਦੇਰ ਸ਼ਾਮ ਮੀਟਿੰਗ ’ਚ ਵੱਧ ਤੋਂ ਵੱਧ ਟੈਸਟਿੰਗ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ ਅਤੇ ਜਿਨ੍ਹਾਂ ਨੂੰ ਜਿਹੜੀ ਸਮੱਸਿਆ ਆ ਰਹੀ ਸੀ ਉਸ ਦਾ ਮੌਕੇ ’ਤੇ ਹੱਲ ਕੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 1122 ਪਾਜ਼ੇਟਿਵ ਮਰੀਜ਼ ਘਰਾਂ 'ਚ ਇਕਾਂਤਵਾਸ ਕੀਤੇ ਗਏ। ਜੇਕਰ ਕਿਸੇ ਨੂੰ ਖੰਘ, ਜੁਕਾਮ ਜਾਂ ਬੁਖਾਰ ਦੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਸਨੂੰ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਕੇ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਦੀ ਸਹੂਲਤ ਦਾ ਫਾਇਦਾ ਲੈਣਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਕੋਈ ਵੀ ਲੱਛਣ ਨਹੀਂ ਹੈ ਤਾਂ ਉਹ ਘਰ ’ਚ ਹੀ ਇਕਾਂਤਵਾਸ ਹੋ ਸਕਦਾ ਹੈ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਅਮਰਜੀਤ ਸਿੰਘ ਵੀ ਮੌਜੂਦ ਸਨ।


Bharat Thapa

Content Editor

Related News