1 ਕਰੋੜ 61 ਲੱਖ 83 ਹਜ਼ਾਰ ਰੁਪਏ ਖਰਚ ਕਰ ਕੇ ਪਿੰਡਾਂ ''ਚ ਬਣਾਏ ਜਾ ਰਹੇ ਹਨ 26 ਪਾਰਕ : ਡੀ. ਸੀ.
Tuesday, Mar 20, 2018 - 07:25 AM (IST)

ਤਰਨਤਾਰਨ, (ਰਾਜੂ, ਬਲਵਿੰਦਰ ਕੌਰ)- ਜ਼ਿਲੇ 'ਚ ਮਹਾਤਮਾ ਗਾਂਧੀ ਦਿਹਾਤੀ ਰੋਜ਼ਗਾਰ ਗਾਰੰਟੀ ਕਾਨੂੰਨ ਤਹਿਤ ਚੱਲ ਰਹੀ ਮਗਨਰੇਗਾ ਸਕੀਮ ਨਾਲ ਇਕ ਪਾਸੇ ਜਿੱਥੇ ਦਿਹਾਤੀ ਲੋਕਾਂ ਨੂੰ ਰੋਜ਼ਗਾਰ ਉਪਲਬਧ ਕਰਵਾਇਆ ਜਾ ਰਿਹਾ ਹੈ, ਉਥੇ ਇਹ ਯੋਜਨਾ ਜ਼ਿਲੇ ਦੇ ਪਿੰਡਾਂ ਦੇ ਵਿਕਾਸ ਨੂੰ ਵੀ ਨਵੀਂ ਦਿਸ਼ਾ ਦੇ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਯੋਜਨਾ ਨੂੰ ਜ਼ਿਲੇ 'ਚ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪਿੰਡਾਂ ਦੇ ਭੌਤਿਕ ਵਿਕਾਸ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਾਲ 2017-18 ਦੌਰਾਨ ਜ਼ਿਲਾ ਤਰਨਤਾਰਨ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ 'ਚ 1 ਕਰੋੜ 61 ਲੱਖ 83 ਹਜ਼ਾਰ 200 ਰੁਪਏ ਖਰਚ ਕਰ ਕੇ 26 ਪਾਰਕ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਿੰਡ ਕੱਕਾ ਕੰਡਿਆਲਾ (ਪੇਂਡੂ ਵਿਕਾਸ ਭਵਨ), ਠਰੂ ਤੇ ਝਾਮਕਾ ਖੁਰਦ 'ਚ ਪਾਰਕ ਬਣ ਕੇ ਤਿਆਰ ਹੋ ਗਏ ਹਨ। ਇਸ ਤੋਂ ਇਲਾਵਾ 12 ਹੋਰ ਪਾਰਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਾਰਕ ਪਿੰਡਾਂ ਦੇ ਲੋਕਾਂ ਲਈ ਬਹੁਤ ਹੀ ਸਹਾਈ ਸਿੱਧ ਹੋਣਗੇ ਤੇ ਪਿੰਡਾਂ ਦੇ ਲੋਕਾਂ ਨੂੰ ਵੀ ਚੰਗਾ ਮਾਹੌਲ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਜ਼ਿਲੇ ਦੇ ਪਿੰਡਾਂ ਨੂੰ ਖੂਬਸੂਰਤ ਬਣਾਉਣ ਲਈ ਹੋਰ ਅਨੇਕਾਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਬਲਾਕ ਤਰਨਤਾਰਨ ਦੇ ਪਿੰਡ ਸਹਿਬਾਜ਼ਪੁਰ, ਕੱਕਾ ਕੰਡਿਆਲਾ (ਪੇਂਡੂ ਵਿਕਾਸ ਭਵਨ), ਪਲਾਸੌਰ, ਕੱਦ ਗਿੱਲ ਕਲਾਂ, ਕੱਦ ਗਿੱਲ ਖੁਰਦ, ਠਰੂ, ਗੁਲਾਲੀਪੁਰ, ਝਾਮਕਾ ਖੁਰਦ, ਅਲਾਦੀਨਪੁਰ, ਪੰਡੋਰੀ ਗੋਲਾ ਤੇ ਝਬਾਲ ਮੰਨਣ 'ਚ ਇਹ ਪਾਰਕ ਬਣਾਏ ਜਾ ਰਹੇ ਹਨ। ਇਸੇ ਤਰ੍ਹਾਂ ਭਿੱਖੀਵਿੰਡ ਬਲਾਕ ਦੇ ਪਿੰਡ ਮੁਗਲਵਾਲ ਤੇ ਮਾੜੀਮੇਘਾ 'ਚ ਅਜਿਹੇ ਪਾਰਕ ਵਿਕਸਿਤ ਕੀਤੇ ਜਾ ਰਹੇ ਹਨ। ਨੌਸ਼ਹਿਰਾ ਪੰਨੂਆਂ ਬਲਾਕ 'ਚ ਪਿੰਡ ਸ਼ਹਾਬਪੁਰ, ਰੂੜੀਵਾਲਾ, ਮਰਹਾਣਾ ਤੇ ਜੌੜਾ 'ਚ ਤੇ ਪੱਟੀ ਬਲਾਕ 'ਚ ਪਿੰਡ ਹਰੀਕੇ, ਨਦੋਹਰ, ਸਭਰਾ, ਲੌਹਕਾ ਤੇ ਰਾਏਪੁਰ ਬਲੀਮ 'ਚ ਇਹ ਪਾਰਕ ਬਣ ਰਹੇ ਹਨ। ਇਸ ਤੋਂ ਇਲਾਵਾ ਬਲਾਕ ਖਡੂਰ ਸਾਹਿਬ 'ਚ ਖਵਾਸਪੁਰ ਤੇ ਭਲਾਈਪੁਰ, ਬਲਾਕ ਗੰਡੀਵਿੰਡ 'ਚ ਚੀਮਾ ਕਲਾਂ ਤੇ ਬਲਾਕ ਵਲਟੋਹਾ 'ਚ ਆਸਲ ਉਤਾੜ (ਸ਼ਹੀਦ ਅਬਦੁਲ ਹਮੀਦ ਪਾਰਕ) ਵਿਖੇ ਇਹ ਪਾਰਕ ਬਣਾਏ ਜਾ ਰਹੇ ਹਨ।