26 ਜਨਵਰੀ ''ਤੇ ਅੱਤਵਾਦੀ ਖਤਰੇ ਦੀ ਕਨਸੋਅ, ਪੁਲਸ ਹੋਈ ਚੋਕੰਨੀ

01/14/2018 11:10:29 AM

ਗੁਰਦਾਸਪੁਰ (ਵਿਨੋਦ) - ਕੇਂਦਰੀ ਗੁਪਤਚਰ ਏਜੰਸੀਆਂ ਨੂੰ ਪੰਜਾਬ ਦੇ ਰਸਤੇ 26 ਜਨਵਰੀ ਨੂੰ ਅੱਤਵਾਦੀ ਘਟਨਾਵਾਂ ਕਰਨ ਸਬੰਧੀ ਮਿਲੀ ਕਨਸੋਅ ਦੇ ਆਧਾਰ 'ਤੇ ਜ਼ਿਲਾ ਗੁਰਦਾਸਪੁਰ ਨੇ ਗੁਆਂਢੀ ਜ਼ਿਲਿਆਂ ਦੀ ਪੁਲਸ ਦੀ ਮਦਦ ਨਾਲ ਵਿਸ਼ੇਸ਼ ਸਰਚ ਅਤੇ ਸਰਗਰਮ ਅਭਿਆਨ ਚਲਾਇਆ ਹੋਇਆ ਹੈ ਅਤੇ ਸਰਹੱਦੀ ਇਲਾਕਿਆਂ 'ਚ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। 
ਕੀ ਸਥਿਤੀ ਹੈ ਇਸ ਸਰਚ ਅਭਿਆਨ ਦੀ
ਸੂਤਰਾਂ ਦੇ ਅਨੁਸਾਰ ਕੇਂਦਰੀ ਗੁਪਤਚਰ ਏਜੰਸੀਆਂ ਤੋਂ ਪੰਜਾਬ ਪੁਲਸ ਨੂੰ ਕਨਸੋਅ ਮਿਲੀ ਸੀ ਕਿ ਕਸ਼ਮੀਰੀ ਅੱਤਵਾਦੀ ਜਾਂ ਪਾਕਿਸਤਾਨੀ ਅੱਤਵਾਦੀ ਪੰਜਾਬ ਦੀ ਸੀਮਾ ਵਿਸ਼ੇਸ਼ ਕਰ ਕੇ ਜ਼ਿਲਾ ਗੁਰਦਾਸਪੁਰ ਤੋਂ ਲੱਗਦੇ ਅੰਤਰਰਾਸ਼ਟਰੀ ਸੀਮਾ ਦੇ ਰਸਤੇ ਭਾਰਤ 'ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਸਬੰਧੀ ਸੀਮਾ ਸੁਰੱਖਿਆ ਬਲ ਨੂੰ ਵੀ ਸੀਮਾ 'ਤੇ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਜ਼ਿਲਾ ਪੁਲਸ ਵੀ ਸਰਗਰਮ ਹੋ ਕੇ ਕੰਮ ਕਰ ਰਹੀ ਹੈ। ਇਸ ਸਬੰਧੀ ਜ਼ਿਲਾ ਪੁਲਸ ਗੁਰਦਾਸਪੁਰ ਦੀ ਸੰਵੇਦਨਸ਼ੀਲ ਸੰਸਥਾਵਾਂ ਸਮੇਤ ਤਿੱਬੜੀ ਛਾਉਣੀ ਦੇ ਆਸ-ਪਾਸ ਦੇ ਇਲਾਕਿਆਂ 'ਚ ਗੁੱਜਰਾਂ ਦੇ ਡੇਰਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਗੁੱਜਰਾਂ ਦੇ ਡੇਰਿਆਂ 'ਤੇ ਜਾ ਕੇ ਪੁਲਸ ਉਥੇ ਠਹਿਰੇ ਲੋਕਾਂ ਦੇ ਪਛਾਣ ਪੱਤਰ ਅਤੇ ਆਧਾਰ ਕਾਰਡ ਤੱਕ ਚੈੱਕ ਕਰ ਰਹੀ ਹੈ।
ਅੰਤਰਰਾਸ਼ਟਰੀ ਸੀਮਾ ਦੇ ਨਾਲ ਲੱਗਦੇ ਪਿੰਡਾਂ 'ਤੇ ਵਿਸ਼ੇਸ਼ ਨਜ਼ਰ
ਜ਼ਿਲਾ ਪੁਲਸ ਗੁਰਦਾਸਪੁਰ ਵੱਲੋਂ ਚਲਾਏ ਸਰਚ ਅਭਿਆਨ ਅਧੀਨ ਸੀਮਾ 'ਤੇ ਵਸੇ ਪਿੰਡਾਂ 'ਚ ਗੁੱਜਰਾਂ ਦੇ ਡੇਰਿਆਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਡੇਰਿਆਂ 'ਤੇ ਜਾ ਕੇ ਡੇਰਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਡੇਰਿਆਂ 'ਤੇ ਰੱਖੇ ਸਾਮਾਨ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਰਾਜ ਤੋਂ ਆਏ ਗੁੱਜਰਾਂ ਸਬੰਧੀ ਕਾਫੀ ਸਰਗਰਮੀ ਵਰਤੀ ਜਾ ਰਹੀ ਹੈ ਅਤੇ ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਕਸ਼ਮੀਰੀ ਮੁਸਲਮਾਨਾਂ ਵੱਲੋਂ ਚਲਾਏ ਜਾ ਰਹੇ ਢਾਬਿਆਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ। ਜਿਨ੍ਹਾਂ ਕਸ਼ਮੀਰੀ ਨਾਗਰਿਕਾਂ ਦੇ ਕੋਲ ਕਿਸੇ ਤਰ੍ਹਾਂ ਦਾ ਪਹਿਚਾਣ ਪੱਤਰ ਨਹੀਂ ਹੈ ਉਨ੍ਹਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। 
ਜ਼ਿਲਾ ਭਰ ਦੀ ਪੁਲਸ ਨੂੰ ਕੀਤਾ ਅਲਰਟ  
ਜਾਣਕਾਰੀ ਦੇ ਅਨੁਸਾਰ ਸਾਰੇ ਪੁਲਸ ਸਟੇਸ਼ਨਾਂ ਸਮੇਤ ਪੁਲਸ ਦੇ ਹੋਰ ਵਿੰਗ ਦੀ ਪੁਲਸ ਨੂੰ ਅਲਰਟ ਕੀਤਾ ਗਿਆ ਹੈ ਅਤੇ ਵਰਦੀ ਪਾ ਕੇ ਰਹਿਣ ਦਾ ਹੁਕਮ ਹੈ। ਪੁਲਸ ਅਧਿਕਾਰੀਆਂ ਨੇ ਹੁਕਮ ਜਾਰੀ ਕਰ ਰੱਖਿਆ ਹੈ ਕਿ ਪੰਜ ਮਿੰਟ ਦੇ ਨੋਟਿਸ 'ਤੇ ਪੁਲਸ ਨੂੰ ਤਿਆਰ ਰਹਿਣ ਦਾ ਹੁਕਮ ਹੈ। ਜ਼ਿਲਾ ਪੁਲਸ ਗੁਰਦਾਸਪੁਰ 'ਚ ਸਵੈਟ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਜੋ ਸ਼ਹਿਰਾਂ ਤੇ ਪੇਂਡੂ ਖੇਤਰਾਂ 'ਚ ਡਿਊਟੀ ਦੇ ਰਹੀਆਂ ਹਨ।


Related News