ਏਡਜ਼ ਨਾਲ 25 ਸਾਲਾ ਨੌਜਵਾਨ ਦੀ ਮੌਤ

Sunday, Dec 31, 2017 - 08:37 AM (IST)

ਜਲੰਧਰ, (ਸ਼ੋਰੀ)— ਕਪੂਰਥਲਾ ਦੀ ਮਾਡਰਨ ਜੇਲ ਵਿਚ ਗੋਰਾਇਆ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਦੀ ਜੇਲ ਵਿਚ ਹਾਲਤ ਵਿਗੜਨ ਤੋਂ ਬਾਅਦ ਉਸਨੂੰ ਜਲੰਧਰ ਦੇ ਸਿਵਲ ਹਸਪਤਾਲ 'ਚ ਬੀਤੇ ਦਿਨ ਰੈਫਰ ਕੀਤਾ ਗਿਆ ਸੀ।  ਡਾਕਟਰਾਂ ਨੇ ਇਲਾਜ ਤੋਂ ਬਾਅਦ ਉਸ ਨੂੰ ਕੈਦੀ ਵਾਰਡ ਵਿਚ ਦਾਖਲ ਕਰਾਇਆ ਪਰ ਕੁਝ ਹੀ ਘੰਟਿਆਂ ਬਾਅਦ ਉਸਦੀ ਰਾਤ ਨੂੰ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਣ 'ਤੇ ਥਾਣਾ 4 ਦੀ ਪੁਲਸ ਨੇ ਮਾਣਯੋਗ ਜੱਜ ਦੀ ਮੌਜੂਦਗੀ ਦੌਰਾਨ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ। ਪੁਲਸ ਰਿਕਾਰਡ ਮੁਤਾਬਿਕ ਸਾਹਿਲ (ਕਾਲਪਨਿਕ ਨਾਂ) ਨਸ਼ੇ ਦਾ ਆਦੀ ਸੀ ਤੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਸੀ। ਉਸਦੇ ਖਿਲਾਫ ਥਾਣਾ ਮਹਿਤਪੁਰ ਵਿਚ 14-2-2017 ਨੂੰ ਚੋਰੀ ਦਾ ਕੇਸ ਦਰਜ ਹੋਇਆ ਸੀ। ਇਸ ਮਾਮਲੇ ਵਿਚ ਅਦਾਲਤ ਨੇ 18-12-2017 ਨੂੰ ਸਾਹਿਲ ਨੂੰ 6 ਮਹੀਨਿਆਂ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਸਨੂੰ ਏਡਜ਼ ਤੇ ਟੀ. ਬੀ. ਦੀ ਬੀਮਾਰੀ ਹੋ ਗਈ ਸੀ।
ਪਿਤਾ ਨੇ ਕਿਹਾ-ਜੇਲ 'ਚ ਵਿਕਦਾ ਹੈ ਨਸ਼ਾ
ਪੋਸਟਮਾਰਟਮ ਰੂਮ ਦੇ ਬਾਹਰ ਮ੍ਰਿਤਕ ਦੇ ਪਿਤਾ ਨੇ ਭਰੇ ਗਲੇ ਨਾਲ ਦੱਸਿਆ ਕਿ ਉਨ੍ਹਾਂ ਦਾ ਬੇਟਾ ਨਸ਼ੇ ਦਾ ਆਦੀ ਸੀ ਤੇ ਉਹ ਉਸਨੂੰ ਕਈ ਵਾਰ ਰੋਕਦੇ ਵੀ ਸਨ ਪਰ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਬੀਮਾਰੀ ਨਹੀਂ ਸੀ। ਪੁਲਸ ਨੇ ਕੇਸ ਵਿਚ ਉਸਨੂੰ ਨਾਮਜ਼ਦ ਕਰ ਕੇ ਕਪੂਰਥਲਾ ਜੇਲ ਭੇਜ ਦਿੱਤਾ। ਜੇਲ ਵਿਚ ਉਸਦੇ ਬੇਟੇ ਨੂੰ ਨਸ਼ਾ ਮਿਲਦਾ ਰਿਹਾ। ਉਨ੍ਹਾਂ ਨੂੰ ਕਿਤਿਓਂ ਪਤਾ ਲੱਗਾ ਕਿ ਟੀਕੇ ਲਾਉਣ ਦੌਰਾਨ ਦੂਜੇ ਕੈਦੀ ਦੀ ਸੂਈ ਵਰਤਣ ਕਾਰਨ ਉਸਦੇ ਬੇਟੇ ਨੂੰ ਏਡਜ਼ ਹੋ ਗਈ ਤੇ ਬਾਅਦ ਵਿਚ ਟੀ. ਬੀ. ਦੀ ਬੀਮਾਰੀ ਵੀ ਹੋ ਗਈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਬੇਟੇ ਨੂੰ ਜੇਲ ਖਾ ਗਈ ਪਰ ਬਾਕੀ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਚਾਇਆ ਜਾਵੇ ਤੇ ਜੇਲ ਵਿਚ ਨਸ਼ਾ ਬੰਦ ਹੋਵੇ। 
ਜੇਲ 'ਚ ਨਸ਼ੇ ਦੇ ਟੀਕੇ ਤਾਂ ਦੂਰ, ਬੀੜੀ ਤਕ ਕਿਸੇ ਨੂੰ ਨਹੀਂ ਮਿਲਦੀ : ਜੇਲ ਸੁਪਰਡੈਂਟ
ਇਸ ਮਾਮਲੇ ਵਿਚ ਕਪੂਰਥਲਾ ਮਾਡਰਨ ਜੇਲ ਵਿਚ ਤਾਇਨਾਤ ਜੇਲ ਸੁਪਰਡੈਂਟ ਐੱਸ. ਪੀ. ਖੰਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਜੇਲ ਦਾ ਚਾਰਜ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ ਲੁਧਿਆਣਾ ਜੇਲ ਵਿਚ ਤਾਇਨਾਤ ਸਨ। ਕੈਦੀ ਦੀ ਮੌਤ ਦੀ ਸੂਚਨਾ ਉਨ੍ਹਾਂ ਨੂੰ ਮਿਲ ਚੁੱਕੀ ਹੈ, ਕੈਦੀ ਦੀ ਮੌਤ ਏਡਜ਼ ਨਾਲ ਹੋਈ ਤੇ ਉਸਨੂੰ ਇਹ ਬੀਮਾਰੀ ਕਿਵੇਂ ਲੱਗੀ, ਉਹ ਰਿਕਾਰਡ ਚੈੱਕ ਕਰ ਰਹੇਹਨ। ਨਸ਼ੇ ਦੇ ਮਾਮਲੇ ਬਾਰੇ ਖੰਨਾ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਕਪੂਰਥਲਾ ਜੇਲ ਦਾ ਚਾਰਜ ਸੰਭਾਲਿਆ ਹੈ। ਸਮੇਂ-ਸਮੇਂ 'ਤੇ ਕੈਦੀਆਂ ਤੇ ਹਵਾਲਾਤੀਆਂ ਦੀ ਤਲਾਸ਼ੀ ਲੈਣ ਦੇ ਨਾਲ ਉਨ੍ਹਾਂ ਦੀ ਬੈਰਕ ਨੂੰ ਚੈੱਕ ਕੀਤਾ ਜਾਂਦਾ ਹੈ। ਜੇਕਰਕਿਸੇ ਕੋਲੋਂ ਮੋਬਾਇਲ ਜਾਂ ਨਸ਼ੀਲੀ ਚੀਜ਼ ਮਿਲੇਗੀ ਤਾਂ ਉਸ ਹਵਾਲਾਤੀ ਜਾਂ ਫਿਰ ਕੈਦੀ ਦੇ ਖਿਲਾਫ ਕੇਸ ਦਰਜ ਹੋਵੇਗਾ ਤੇ ਜਾਂਚ ਕੀਤੀ ਜਾਵੇਗੀ ਕਿ ਉਸਨੂੰ ਡਲਿਵਰੀ ਕਿਸ ਨੇ ਦਿੱਤੀ। 


Related News