ਵੱਡੀ ਖ਼ਬਰ : ਲੁਧਿਆਣਾ ਜ਼ਿਲ੍ਹੇ 'ਚ 'ਕੋਰੋਨਾ' ਕਾਰਨ 3 ਮੌਤਾਂ, 22 ਪੁਲਸ ਮੁਲਾਜ਼ਮ ਪਾਜ਼ੇਟਿਵ

Monday, Jul 27, 2020 - 06:10 PM (IST)

ਵੱਡੀ ਖ਼ਬਰ : ਲੁਧਿਆਣਾ ਜ਼ਿਲ੍ਹੇ 'ਚ 'ਕੋਰੋਨਾ' ਕਾਰਨ 3 ਮੌਤਾਂ, 22 ਪੁਲਸ ਮੁਲਾਜ਼ਮ ਪਾਜ਼ੇਟਿਵ

ਲੁਧਿਆਣਾ : ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਕੋਹਰਾਮ ਮਚ ਗਿਆ ਹੈ। ਜ਼ਿਲ੍ਹੇ ਅੰਦਰ ਕੋਰੋਨਾ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ 74 ਸਾਲਾ ਮਰੀਜ਼ ਬਲ ਸਿੰਘ ਨਗਰ ਦਾ ਰਹਿਣ ਵਾਲਾ ਸੀ ਅਤੇ ਦਇਆਨੰਦ ਹਸਪਤਾਲ 'ਚ ਦਾਖ਼ਲ ਸੀ। ਦੂਜਾ 50 ਸਾਲਾ ਮਰੀਜ਼ ਸੀ. ਐਮ. ਸੀ. ਹਸਪਤਾਲ 'ਚ ਦਾਖ਼ਲ ਸੀ ਅਤੇ ਵਿਜੇ ਨਗਰ ਤਾਜਪੁਰ ਰੋਡ ਦਾ ਰਹਿਣ ਵਾਲਾ ਸੀ, ਜਦੋਂ ਤੀਜਾ 65 ਸਾਲਾ ਮਰੀਜ਼ ਚੰਦਰ ਨਗਰ ਦਾ ਰਹਿਣ ਵਾਲਾ ਸੀ। 24 ਘੰਟਿਆਂ ਦੌਰਾਨ ਪੁਲਸ ਦੇ 22 ਅਫ਼ਸਰਾਂ ਤੇ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਬਾਅਦ ਲੁਧਿਆਣਾ ਪੁਲਸ ਕਮਿਸ਼ਨਰ ਦਫ਼ਤਰ 'ਚ 3 ਦਿਨਾਂ ਲਈ ਹਰ ਤਰ੍ਹਾਂ ਦੀ ਪਬਲਿਕ ਮੀਟਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਡਵੀਜ਼ਨ ਨੰਬਰ-3 ਅਤੇ 8 'ਚ ਬਹੁਤ ਜ਼ਿਆਦਾ ਅਮਰਜੈਂਸੀ ਹੋਣ 'ਤੇ ਹੀ ਪਬਲਿਕ ਡੀਲਿੰਗ ਕੀਤੀ ਜਾਵੇਗੀ।
ਦੱਸ ਦੇਈਏ ਕਿ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਦੇ 2,566 ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਕੋਰੋਨਾ ਕਾਰਨ 64 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ 1,698 ਲੋਕ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਕੋਰੋਨਾ ਦੇ 807 ਸਰਗਰਮ ਮਾਮਲੇ ਚੱਲ ਰਹੇ ਹਨ।

ਦੋਰਾਹਾ ਥਾਣਾ ‘ਚ 6 ਮੁਲਾਜ਼ਮਾਂ ਦੀ ਰਿਪੋਰਟ ਆਈ ਪਾਜ਼ੇਟਿਵ, ਥਾਣਾ ਕੀਤਾ ਗਿਆ ਸੀਲ
ਦੋਰਾਹਾ (ਵਿਨਾਇਕ, ਸੂਦ) : ਦੋਰਾਹਾ ਥਾਣਾ ਵਿਖੇ ਤਾਇਨਾਤ ਥਾਣੇਦਾਰ ਹਰਵਿੰਦਰ ਸਿੰਘ ਅਤੇ ਵਾਇਰਲੈਸ ਅਪਰੇਟਰ ਲਖਵਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਬੀਤੀ ਰਾਤ ਫਿਰ ਦੋਬਾਰਾ ਥਾਣਾ ਦੋਰਾਹਾ ‘ਚ ਕੋਰੋਨਾ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਅਤੇ 4 ਹੋਰ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ, ਜਿਸ ਕਾਰਨ ਸਿਹਤ ਮਹਿਕਮੇ ਵੱਲੋਂ ਦੋਰਾਹਾ ਥਾਣਾ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਮਹਿਕਮੇ ਵੱਲੋਂ ਪ੍ਰਾਪਤ ਹੋਈਆਂ ਰਿਪੋਰਟ ਅਨੁਸਾਰ ਦੋਰਾਹਾ ਥਾਣਾ ‘ਚ ਤਾਇਨਾਤ ਥਾਣੇਦਾਰ ਅਵਤਾਰ ਸਿੰਘ, ਥਾਣੇਦਾਰ ਬਰਜਿੰਦਰ ਸਿੰਘ, ਹੌਲਦਾਰ ਹਰਨੇਕ ਸਿੰਘ ਅਤੇ ਹੌਲਦਾਰ ਚਰਨਜੀਤ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਕਾਰਨ ਦੋਰਾਹਾ ਖੇਤਰ ‘ਚ ਭਾਰੀ ਹੜੰਕਪ ਮਚ ਗਿਆ ਹੈ, ਉੱਥੇ ਹੀ ਸਿਹਤ ਮਹਿਕਮਾ ਨਤੀਜੇ ਆਉਣ ਉਪਰੰਤ ਹਰਕਤ ‘ਚ ਆ ਗਿਆ, ਜਿਨਾਂ ਦੋਰਾਹਾ ਥਾਣਾ ਦੇ 6 ਮੁਲਾਜਮਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਾਰੇ ਹੀ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਲੈਣ ਦੀ ਮੁਹਿੰਮ ਆਰੰਭ ਦਿੱਤੀ ਹੈ।

ਪਾਇਲ ਦੇ ਐਸ. ਐਮ. ਓ ਡਾ. ਹਰਪ੍ਰੀਤ ਸੇਖੋਂ ਨੇ ਦੱਸਿਆ ਕਿ ਕੋਰੋਨਾ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਵਾ ਉਨਾਂ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀਆਂ ਦਾ ਸਿਹਤ ਮਹਿਕਮੇ ਦੀਆ ਟੀਮਾਂ ਵੱਲੋਂ ਲਿਸਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਹੋਰ ਅਹਿਤਿਆਤ ਵਰਤੇ ਜਾ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਅੰਦਰ ਰਹਿਣ, ਸਾਵਧਾਨੀਆਂ ਵਰਤਣ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਦੋਰਾਹਾ ਥਾਣਾ ‘ਚ ਕੋਰੋਨਾ ਦੇ ਹੋਏ ਜ਼ਬਰਦਸਤ ਧਮਾਕੇ ਕਾਰਨ ਸ਼ਹਿਰ ‘ਚ ਡਰ ਅਤੇ ਦਹਿਸ਼ਤ ਦਾ ਮਹੌਲ ਬਣ ਗਿਆ ਹੈ।

ਸਮਰਾਲਾ 'ਚ ਕਰੋਨਾ ਕਹਿਰ, HDFC ਬੈਂਕ ਕੀਤਾ ਸੀਲ

ਸਮਰਾਲਾ (ਗਰਗ) : ਸਥਾਨਕ HDFC ਬੈਂਕ ਦੇ ਇਕ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਬੈਂਕ ਦੀ ਬ੍ਰਾਂਚ ਅਗਲੇ ਹੁਕਮ ਤੱਕ ਬੰਦ ਕਰ ਦਿਤੀ ਗਈ ਹੈ। ਸ਼ਹਿਰ 'ਚ ਤਾਜ਼ਾ 5 ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।ਇਨ੍ਹਾਂ 'ਚ ਭਗਵਾਨਪੁਰ ਰੋਡ 'ਤੇ ਰਹਿਣ ਵਾਲੇ 2 ਪੁਲਸ ਮੁਲਾਜ਼ਮਾਂ ਤੋਂ ਇਲਾਵਾ ਅੰਬੇਡਕਰ ਕਾਲੋਨੀ ਸਮਰਾਲਾ ਦੀ ਇਕ ਜਨਾਨੀ ਅਤੇ ਹਿੰਮਤ ਨਗਰ ਸਮਰਾਲਾ ਦੀ ਇਕ ਜਨਾਨੀ ਸ਼ਾਮਲ ਹੈ। ਅੱਜ ਜਿਹੜਾ HDFC ਬੈਂਕ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆਇਆ ਹੈ, ਉਹ ਵੀ ਭਗਵਾਨਪੁਰ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।


author

Babita

Content Editor

Related News