ਪੰਜਾਬ ''ਚ ਹੋਰ ਥਾਵਾਂ ਤੋਂ ਵਾਪਸ ਪਰਤੇ ਲੋਕਾਂ ਲਈ 21 ਦਿਨ ਦਾ ਕੁਆਰੰਟਾਈਨ ਜ਼ਰੂਰੀ : ਕੈਪਟਨ

04/29/2020 12:07:35 AM

ਜਲੰਧਰ, (ਧਵਨ)— ਆਉਣ ਵਾਲੇ ਦਿਨਾਂ 'ਚ ਪਾਬੰਦੀਆਂ ਤੇ ਸੰਭਲ ਕੇ ਚਲਦੇ ਹੋਏ ਕੁਝ ਰਾਹਤ ਦੇਣ ਦੇ ਸੰਕੇਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ 'ਚ ਹੋਰ ਥਾਵਾਂ ਤੋਂ ਵਾਪਸ ਪਰਤ ਰਹੇ ਸਾਰੇ ਲੋਕਾਂ ਲਈ ਲਾਜ਼ਮੀ 21 ਦਿਨਾਂ ਦੇ ਸਟੇਟ ਕੁਆਰੰਟਾਈਨ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਕਿ ਕੋਵਿਡ-19 ਦੇ ਫੈਲਾਅ 'ਤੇ ਰੋਕ ਲੱਗੀ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਨਾਂਦੇੜ ਸਾਹਿਬ ਤੋਂ ਵਾਪਸ ਪਰਤੇ ਸਾਰੇ ਸ਼ਰਧਾਲੂਆਂ ਅਤੇ ਰਾਜਸਥਾਨ ਤੋਂ ਪਰਤੇ ਵਿਦਿਆਰਥੀਆਂ ਅਤੇ ਮਜ਼ਦੂਰਾਂ ਨੂੰ ਪੰਜਾਬ ਬਾਰਡਰ 'ਤੇ ਹੀ ਰੋਕ ਲਿਆ ਸੀ ਅਤੇ ਉਨ੍ਹਾਂ ਨੂੰ ਸਰਕਾਰੀ ਕੁਆਰੰਟਾਈਨ ਸੈਂਟਰਾਂ ਵਿਚ ਭੇਜ ਦਿੱਤਾ ਗਿਆ ਹੈ ਤਾਂ ਕਿ ਉਹ 21 ਦਿਨਾਂ ਤਕ ਹੋਰ ਲੋਕਾਂ ਦੇ ਸੰਪਰਕ 'ਚ ਨਾ ਆ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਰਾਧਾ ਸੁਆਮੀ ਸਤਿਸੰਗ ਡੇਰਿਆਂ ਨੂੰ ਵੀ ਕਿਹਾ ਗਿਆ ਹੈ ਕਿ ਸਰਕਾਰ ਵਲੋਂ ਪਿਛਲੇ ਤਿੰਨ ਦਿਨਾਂ 'ਚ ਵਾਪਸ ਲਿਆਂਦੇ ਗਏ ਲੋਕਾਂ ਨੂੰ ਕੁਆਰੰਟਾਈਨ 'ਚ ਰੱਖਿਆ ਜਾਵੇ।

ਮੁੱਖ ਮੰਤਰੀ ਨੇ ਇਹ ਐਲਾਨ ਕਰਦੇ ਹੋਏ ਸੰਕੇਤ ਦਿੱਤੇ ਕਿ ਉਨ੍ਹਾਂ ਦੀ ਸਰਕਾਰ ਮਾਹਰਾਂ ਦੀ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਕੁਝ ਛੋਟ ਦੇ ਸਕਦੀ ਹੈ ਪਰ ਨਾਲ ਹੀ ਬਹੁਤ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਹੋਣਗੀਆਂ। ਕੈਪਟਨ ਅਮਰਿੰਦਰ ਨੇ ਮੰਗਲਵਾਰ ਕੋਵਿਡ-19 ਅਤੇ ਲਾਕਡਾਊਨ ਹਾਲਤ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਦੇ ਨਾਲ ਵੀਡਿਓ ਕਾਨਫਰੰਸ ਕਰਕੇ ਹਾਲਾਤ ਦੀ ਸਮੀਖਿਆ ਕੀਤੀ ਅਤੇ ਨਾਲ ਹੀ ਮੰਡੀਆਂ 'ਚ ਕਣਕ ਦੀ ਖਰੀਦ ਦੀਆਂ ਚੱਲ ਰਹੀਆਂ ਪ੍ਰਕਿਰਿਆਵਾਂ 'ਤੇ ਚਰਚਾ ਕੀਤੀ। ਵਿਧਾਇਕਾਂ 'ਚ ਇਸ ਗੱਲ ਨੂੰ ਲੈ ਕੇ ਸਹਿਮਤੀ ਸੀ ਕਿ ਅਗਲੇ ਕੁਝ ਹਫ਼ਤੇ ਤਕ ਪੂਰੀ ਸਖਤੀ ਜਾਰੀ ਰਹਿਣੀ ਚਾਹੀਦੀ ਹੈ ਤੇ ਕਿਸੇ ਵੀ ਕੋਰੋਨਾ ਵਾਇਰਸ ਪੀੜਤ ਨੂੰ ਹਸਪਤਾਲ 'ਚ ਉਸ ਦੇ ਜ਼ਿਲ੍ਹੇ 'ਚ ਹੀ ਭਰਤੀ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਦੇ ਬਾਹਰੀ ਸੰਪਰਕਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਸੰਭਾਲਣ ਅਤੇ ਉਨ੍ਹਾਂ ਦਾ ਧਿਆਨ ਰੱਖਣ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਿਨ੍ਹਾਂ ਨੂੰ ਵਾਪਸ ਲਿਜਾਉਣ ਲਈ ਵੱਖ-ਵੱਖ ਸੂਬਿਆਂ ਜਿਵੇਂ ਕਿ ਉੱਤਰ ਪ੍ਰਦੇਸ਼ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਦਾ ਧਿਆਨ ਰੱਖ ਰਹੇ ਹਾਂ ਤਾਂ ਕਿ ਉਹ ਪੰਜਾਬ ਛੱਡ ਕੇ ਨਾ ਜਾਣ ਅਤੇ ਨਾਲ ਹੀ ਕਣਕ ਦੀ ਖਰੀਦ ਦੀ ਪ੍ਰਕਿਰਿਆ ਅਤੇ ਉਦਯੋਗਾਂ 'ਚ ਉਨ੍ਹਾਂ ਦੀ ਜ਼ਰੂਰਤ ਹੈ।

ਕੇਂਦਰ ਸਰਕਾਰ ਨੇ ਦਿੱਤੇ ਸੰਕੇਤ-ਜੁਲਾਈ ਤਕ ਕੋਰੋਨਾ ਰੋਗੀਆਂ ਦੀ ਗਿਣਤੀ ਵੱਧਦੀ ਰਹੇਗੀ
ਸੂਬੇ 'ਚ 35 ਦਿਨਾਂ ਦੇ ਲਾਕਡਾਊਨ ਦੇ ਬਾਵਜੂਦ ਕੋਰੋਨਾ ਪਾਜ਼ੇਟਿਵ ਰੋਗੀਆਂ ਦੀ ਗਿਣਤੀ 'ਚ ਵਾਧੇ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਕੋਰੋਨਾ ਰੋਗੀਆਂ ਦੀ ਗਿਣਤੀ 'ਚ ਜੁਲਾਈ ਤਕ ਵਾਧਾ ਹੁੰਦਾ ਰਹੇਗਾ। ਕੇਂਦਰ ਸਰਕਾਰ ਨੂੰ ਇਹ ਸੰਕੇਤ ਵੱਖ-ਵੱਖ ਰਿਸਰਚਾਂ ਅਤੇ ਜਾਣਕਾਰੀਆਂ ਰਾਹੀ ਪ੍ਰਾਪਤ ਹੋਇਆ ਹੈ ਪਰ ਨਾਲ ਹੀ ਉਨ੍ਹਾਂ ਲਾਕਡਾਊਨ ਦੀ ਜ਼ਰੂਰਤ 'ਤੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਲਾਕਡਾਊਨ ਇਸ ਲਈ ਜ਼ਰੂਰੀ ਸੀ ਤਾਂ ਕਿ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ 'ਚ ਦੇਰੀ ਕੀਤੀ ਜਾ ਸਕੇ ਅਤੇ ਉਦੋਂ ਤਕ ਦੇਸ਼ ਖੁਦ ਨੂੰ ਬੁਰੀ ਤੋਂ ਬੁਰੀ ਹਾਲਤ ਨਾਲ ਨਜਿੱਠਣ ਲਈ ਤਿਆਰ ਕਰ ਲਵੇ ਅਤੇ ਨਾਲ ਹੀ ਉਦੋਂ ਤਕ ਕੋਈ ਨਾ ਕੋਈ ਦਵਾਈ ਦੀ ਖੋਜ ਹੋ ਜਾਵੇ।

ਉਦਯੋਗਾਂ 'ਚ ਕੋਰੋਨਾ ਵਾਇਰਸ ਰੋਗੀ ਦਾ ਪਤਾ ਚੱਲਣ 'ਤੇ ਐੱਫ. ਆਈ. ਆਰ. ਦਰਜ ਨਹੀਂ ਹੋਵੇਗੀ : ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਉਦਯੋਗਾਂ ਨੂੰ ਸ਼ੁਰੂ ਕਰਦੇ ਸਮੇਂ ਕੋਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਫੈਕਟਰੀ ਮਾਲਕ ਜਾਂ ਸੀ. ਈ. ਓ. ਦੇ ਖਿਲਾਫ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਜਾਵੇਗੀ । ਮੁੱਖ ਮੰਤਰੀ ਨੇ ਵਿਧਾਇਕਾਂ ਦੁਆਰਾ ਕੀਤੇ ਸਵਾਲ ਦੇ ਜਵਾਬ 'ਚ ਕਿਹਾ ਕਿ ਸੂਬੇ 'ਚ ਕਣਕ ਦੀ ਬੰਪਰ ਫਸਲ ਨੂੰ ਸੰਭਾਲਣ ਲਈ ਬੋਰੀਆਂ ਦੀ ਕਮੀ ਨਹੀਂ ਹੈ।


KamalJeet Singh

Content Editor

Related News