2022 ਦੀਆਂ ਚੋਣਾਂ ਸਿਰ ’ਤੇ, ਕੀ ਸੁਖਬੀਰ ਬਾਦਲ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਕਰਨਗੇ ਸ਼ੁਰੂ ਜਾਂ ਫਿਰ...?

Wednesday, Mar 31, 2021 - 06:36 PM (IST)

2022 ਦੀਆਂ ਚੋਣਾਂ ਸਿਰ ’ਤੇ, ਕੀ ਸੁਖਬੀਰ ਬਾਦਲ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਕਰਨਗੇ ਸ਼ੁਰੂ ਜਾਂ ਫਿਰ...?

ਮਜੀਠਾ (ਸਰਬਜੀਤ ਵਡਾਲਾ) - ਫੁੱਟ ਦਾ ਸ਼ਿਕਾਰ ਅਤੇ ਧੜਿਆਂ ਵਿਚ ਵੰਡੇ ਜਾ ਚੁੱਕੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮੁੜ ਪਹਿਲੇ ਵਾਲੇ ਦੌਰ ਵਿਚ ਲਿਆਉਣ ਅਤੇ ਮੁੜ ਇਕਜੁਟ ਕਰਨ ਲਈ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2022 ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਸਖਤ ਮਿਹਨਤ ਦੀ ਲੋੜ ਹੈ। ਜੇਕਰ ਪੰਜਾਬ ਦੇ ਸਿਆਸੀ ਹਾਲਾਤ ’ਤੇ ਇਕ ਪੰਛੀ ਝਾਤ ਮਾਰੀ ਜਾਵੇ ਤਾਂ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਹੋਵੇਗਾ ਕਿ ਅਕਾਲੀ ਦਲ (ਬ) ਨਾਲੋਂ ਇਕ-ਇਕ ਕਰਕੇ ਕਈ ਦਿੱਗਜ ਟਕਸਾਲੀ ਅਕਾਲੀ ਲੀਡਰ ਵੱਖ ਹੋ ਗਏ, ਜਿਨ੍ਹਾਂ ਨੇ ਮੁੜ ਅਕਾਲੀ ਦਲ ਵੱਲ ਮੂੰਹ ਤੱਕ ਨਹੀਂ ਕੀਤਾ। ਇਸ ਸਭ ਨੂੰ ਮੁਖ ਰੱਖਦਿਆਂ ਸੁਖਬੀਰ ਬਾਦਲ ਨੂੰ ਆਪਣੇ ਪਿਤਾ ਦੀ ਉਮਰ ਦੇ ਅਕਾਲੀ ਦਲ ਦੇ ਦਿੱਗਜ ਅਤੇ ਪੁਰਾਣੇ ਟਕਸਾਲੀ ਅਕਾਲੀਆਂ ਨੂੰ ਹਰ ਹੀਲੇ ਮੁੜ ਪਾਰਟੀ ਵਿਚ ਲਿਆਉਣ ਲਈ ਇਕ ਵਾਰ ਤਾਂ ਉਨ੍ਹਾਂ ਨਾਲ ਮੁਲਾਕਾਤ ਕਰਨੀ ਹੀ ਪੈਣੀ ਹੈ। 

ਪੜ੍ਹੋ ਇਹ ਵੀ ਖਬਰ - ਅਧਿਆਪਕ ਤੇ ਮਾਪੇ ਸ਼ਸ਼ੋਪੰਜ ’ਚ : ਕੀ ਕੈਪਟਨ ਸਰਕਾਰ 1 ਅਪ੍ਰੈਲ ਨੂੰ ਖੋਲ੍ਹੇਗੀ ਸਕੂਲ ?

ਹਾਲ ਹੀ ਵਿਚ ਹੋਈਆਂ ਨਗਰ ਕੌਂਸਲਾਂ ਅਤੇ ਨਗਰ ਨਿਗਮ ਦੀਆਂ ਚੋਣਾਂ ਵਿਚ, ਜਿਸ ਤਰ੍ਹਾਂ ਅਕਾਲੀ ਦਲ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਵਲੋਂ ਕਰਾਰੀ ਹਾਰ ਦਿੱਤੀ ਗਈ ਹੈ, ਉਸ ਦੇ ਮੱਦੇਨਜ਼ਰ ਅਗਾਮੀ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਆਪਣੀ ਸ਼ਾਖ ਬਚਾਉਣ ਲਈ ਇਨ੍ਹਾਂ ਟਕਸਾਲੀਆਂ ਨੂੰ ਪਾਰਟੀ ਵਿਚ ਲਿਆਉਣਾ ਪਵੇਗਾ। ਅਜਿਹਾ ਨਾ ਹੋਣ ’ਤੇ ਕਾਂਗਰਸ ਪਾਰਟੀ ਸਿਆਸਤ ਵਿਚ ਅਕਾਲੀ ਦਲ ਨੂੰ ਅਜਿਹਾ ਧੋਬੀ ਪਟਕਾ ਦੇਵੇਗੀ ਕਿ ਮੁੜ ਤੋਂ ਅਕਾਲੀ ਦਲ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ’ਚ ਮੁਸ਼ਕਲ ਹੋ ਸਕਦੀ ਹੈ। ਇਸ ਲਈ ਆਓ ਇਕ ਨਜ਼ਰ ਮਾਰਦੇ ਹਾਂ ਅਕਾਲੀ ਦਲ ’ਤੇ:

ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ

ਅਕਾਲੀ ਦਲ ਦੇ ਟੁੱਟਣ ’ਚ ਬੇਅਦਬੀ ਮਾਮਲਿਆਂ ਦਾ ਰਿਹਾ ਅਹਿਮ ਰੋਲ:
ਪੰਜਾਬ ਵਿਚ ਲਗਾਤਾਰ 10 ਸਾਲ ਤੱਕ ਰਾਜ ਕਰਨ ਵਾਲੀ ਅਕਾਲੀ ਸਰਕਾਰ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੂਬੇ ਭਰ ਵਿਚ ਵੱਖ-ਵੱਖ ਜਗ੍ਹਾ ’ਤੇ ਵਾਪਰੇ ਬੇਅਦਬੀ ਦੇ ਮਾਮਲਿਆਂ ਨੂੰ ਲੈ ਜਦੋਂ ਬਾਦਲਕਿਆਂ ਦਾ ਨਾਮ ਸਾਹਮਣੇ ਆਇਆ ਤਾਂ ਉਸ ਵੇਲੇ ਸਿੱਖੀ ਨਾਲ ਪਿਆਰ ਕਰਨ ਵਾਲੇ ਅਕਾਲੀ ਦਲ ਦੇ ਕਈ ਲੀਡਰ ਨਾਰਾਜ਼ ਹੋ ਗਏ। ਲੀਡਰਾਂ ਨੇ ਨਾਰਾਜ਼ ਹੋ ਕੇ ਅਕਾਲੀ ਦਲ ਬਾਦਲ ਨੂੰ ਛੱਡਣਾ ਹੀ ਬਿਹਤਰ ਸਮਝਿਆ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਅਕਾਲੀ ਦਲ, ਜੋ ਖੁਦ ਪੰਥ ਹਿਤੈਸ਼ੀ ਪਾਰਟੀ ਕਹਿੰਦੀ ਹੈ, ਦੀ ਸਰਕਾਰ ਵਿਚ ਬੇਅਦਬੀ ਮਾਮਲਿਆਂ ਦਾ ਸਾਹਮਣੇ ਆਉਣਾ ਬਹੁਤ ਮੰਦਭਾਗੀ ਗੱਲ ਹੈ। ਇਸੇ ਕਰਕੇ ਅਕਾਲੀ ਆਕਾਵਾਂ ਨੇ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀਆਂ-ਆਪਣੀਆਂ ਸਿਆਸੀ ਪਾਰਟੀਆਂ ਬਣਾ ਲਈਆਂ ਪਰ ਕਈ ਅਕਾਲੀਆਂ ਨੇ ਬਾਦਲਕਿਆਂ ਨਾਲ ਜੁੜੇ ਰਹਿਣਾ ਆਪਣੀ ਭਲਾਈ ਸਮਝੀ। ਇਸ ਤੋਂ ਇਲਾਵਾ ਦੂਜਾ ਮੁਖ ਕਾਰਨ ਇਹ ਵੀ ਮੰਨਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਪਿਛਲੀ ਅਕਾਲੀ ਸਰਕਾਰ ਸਮੇਂ ਕੁਝ ਠੋਸ ਕਦਮ ਨਹੀਂ ਚੁੱਕੇ ਗਏ।

ਪੜ੍ਹੋ ਇਹ ਵੀ ਖਬਰ - ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਕੱਟੀਆਂ ਜਾਣਗੀਆਂ ਟਿਕਟਾਂ, ਨਵੇਂ ਚਿਹਰੇ ਹੋਣਗੇ ਸ਼ਾਮਲ

ਕੀ ਸੁਖਬੀਰ ਬਾਦਲ ਰੁੱਸਿਆਂ ਨੂੰ ਮਨਾ ਕੇ ਅਕਾਲੀ ਦਲ ’ਚ ਮੁੜ ਜਾਨ ਪਾਉਣ ’ਚ ਹੋਣਗੇ ਸਫ਼ਲ?
ਅਕਾਲੀ ਦਲ (ਬ) ਦੇ ਧੜਿਆਂ ਵਿਚ ਵੰਡੇ ਜਾਣ ਤੋਂ ਬਾਅਦ ਇਸਦੇ ਦਿੱਗਜ ਟਕਸਾਲੀ ਅਕਾਲੀ ਨੇਤਾ ਆਪਣੀ-ਆਪਣੀ ਡਫਲੀ ਤੇ ਆਪੋ-ਆਪਣਾ ਰਾਗ ਅਲਾਪ ਰਹੇ ਹਨ। ਅਜਿਹੇ ਰਾਗ ਅਲਾਪਣ ਵਾਲੇ ਅਕਾਲੀ ਦਲ ਨਾਲੋਂ ਵੱਖ ਹੋਣ ਤੋਂ ਬਾਅਦ ਜਿਥੇ ਕਈ ਲਗਭਗ ਆਪਣੀ ਹੋਂਦ ਖ਼ਤਮ ਕਰ ਚੁੱਕੇ ਹਨ, ਉਥੇ ਹੀ ਉਹ ਜਨਤਾ ਵਿਚ ਖਾਸਾ ਜਨ ਆਧਾਰ ਨਹੀਂ ਬਣਾ ਸਕੇ, ਜਦਕਿ ਸ਼੍ਰੋਮਣੀ ਅਕਾਲੀ ਦਲ (ਬ) ਜੋ ਪਹਿਲਾਂ ਪੂਰੀ ਤਰ੍ਹਾਂ ਚੜ੍ਹਦੀ ਕਲਾ ’ਚ ਸੀ, ਵਿਚ ਅਕਾਲੀ ਦਲ ਨਾਲੋਂ ਵੱਖ ਹੋਣ ਵਾਲਿਆਂ ਦੀ ਪੂਰੀ ਟੌਹਰ ਸੀ। ਇਨ੍ਹਾਂ ਦੀ ਅਕਾਲੀ ਦਲ ਦੇ ਸੁਪਰੀਮੋ ਸ.ਪ੍ਰਕਾਸ਼ ਸਿੰਘ ਬਾਦਲ ਵਲੋਂ ਲਗਭਗ ਹਰ ਗੱਲ ਮੰਨੀ ਜਾਂਦੀ ਸੀ ਤੇ ਇਨ੍ਹਾਂ ਦਾ ਬਾਦਲਕਿਆਂ ਨਾਲ ਕਾਫ਼ੀ ਡੂੰਘਾ ਰਿਸ਼ਤਾ ਤੇ ਪਿਆਰ ਸੀ ਪਰ ਹੁਣ ਵੱਖ ਹੋਣ ਵਾਲੇ ਅਕਾਲੀ ਲੀਡਰਾਂ ਦੇ ਹੱਥ ਪੱਲੇ ਕੁਝ ਨਹੀਂ, ਜਿਸ ਕਰਕੇ ਇਹ ਹੁਣ ਚੁੱਪੀ ਧਾਰੀ ਅਕਾਲੀ ਦਲ (ਬ) ਵਿਰੁੱਧ ਹੀ ਕੁਝ ਨਾ ਕੁਝ ਯੁਕਤਾਂ ਕਰਨ ਵਿਚ ਲੱਗੇ ਹੋਏ ਹਨ।

ਪੜ੍ਹੋ ਇਹ ਵੀ ਖਬਰ - ਕਿਸਾਨ ਧਰਨਾ : ਦੋ ਸਕੇ ਭਰਾਵਾਂ ਨਾਲ ਵਾਪਰਿਆ ਹਾਦਸਾ, ਸਸਕਾਰ ਕਰਨ ਤੋਂ ਪਹਿਲਾ ਪਰਿਵਾਰ ਨੇ ਰੱਖੀਆਂ ਇਹ ਮੰਗਾਂ

ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਹੁਣ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੜ ਪੰਜਾਬ ਵਿਚ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਣਾ ਹੈ ਤਾਂ ਫਿਰ ਇਨ੍ਹਾਂ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਜਲਦ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਮੁੜ ਅਕਾਲੀ ਦਲ ਇਕਜੁਟ ਹੋ ਕੇ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ। ਚੱਲੋ, ਖੈਰ! ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੁਖਬੀਰ ਬਾਦਲ ਅਕਾਲੀ ਦਲ ਵਿਚ ਮੁੜ ਰੁੱਸਿਆਂ ਨੂੰ ਮਨਾ ਕੇ ਨਵੀਂ ਜਾਨ ਪਾਉਣ ਵਿਚ ਸਫਲ ਹੁੰਦੇ ਹੋਏ ਪੰਜਾਬ ਵਿਚ ਆਪਣੀ ਸਰਕਾਰ ਬਣਾਉਂਦੇ ਹੈ ਜਾਂ ਨਹੀਂ।

ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼


author

rajwinder kaur

Content Editor

Related News