ਜ਼ਰੂਰ ਲੜਾਂਗੇ 2019 ਦੀਆਂ ਲੋਕ ਸਭਾ ਚੋਣਾਂ : ਸਲਾਰੀਆ
Saturday, Dec 09, 2017 - 07:18 AM (IST)

ਪਠਾਨਕੋਟ, (ਆਦਿੱਤਿਆ)— ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜਨ ਵਾਲੇ ਭਾਜਪਾ ਨੇਤਾ ਅਤੇ ਲੋਕ ਸਭਾ ਇੰਚਾਰਜ ਸਵਰਨ ਸਿੰਘ ਸਲਾਰੀਆ ਨੂੰ ਚਾਹੇ ਸਦਨ 'ਚ ਜਗ੍ਹਾ ਨਹੀਂ ਮਿਲੀ ਪਰ ਹੁਣ ਸਲਾਰੀਆ ਨੇ ਆਪਣਾ ਨਿੱਜੀ ਸਦਨ ਖੋਲ੍ਹਣ ਦਾ ਐਲਾਨ ਕੀਤਾ ਹੈ। 5.5 ਕਰੋੜ ਦੀ ਲਾਗਤ ਨਾਲ ਕਮਰਸ਼ੀਅਲ-ਕਮ-ਰੈਂਜ਼ੀਡੈਂਸ਼ੀਅਲ ਹਾਊਸ ਸਲਾਰੀਆ ਨੇ ਆਪਣੇ ਜੱਦੀ ਪਿੰਡ ਦੀ ਬਜਾਏ ਪਰਮਾਨੰਦ 'ਚ ਨੈਸ਼ਨਲ ਹਾਈਵੇ 'ਤੇ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਭਾਵੇਂ ਚੋਣ ਹਾਰ ਗਏ ਹਨ ਪਰ ਜਨਤਾ ਦੀ ਸੇਵਾ 'ਚ ਉਹ ਕੋਈ ਕਸਰ ਨਹੀਂ ਛੱਡਣਗੇ।
ਇਸ ਤੋਂ ਇਲਾਵਾ ਪ੍ਰੈੱਸ ਕਾਨਫਰੰਸ ਦੌਰਾਨ ਸਲਾਰੀਆ ਹਲਕੇ ਦੀਆਂ ਸਮੱਸਿਆਵਾਂ 'ਤੇ ਵੀ ਬੋਲੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਨਿੱਜੀ ਸਦਨ (ਘਰ) ਵਿਚ ਉਨ੍ਹਾਂ ਦੀ ਰਿਹਾਇਸ਼ ਦੇ ਨਾਲ-ਨਾਲ ਕਮਰਸ਼ੀਅਲ ਕੰਮ ਤੇ ਸਰਕਾਰੀ ਵਿਭਾਗਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਕੰਮ ਹੋਣਗੇ। ਇਥੇ ਹੀ ਉਹ ਲੋਕਾਂ ਨੂੰ ਮਿਲਣਗੇ ਵੀ ਅਤੇ ਮੌਕੇ 'ਤੇ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕਰਨਗੇ। ਇਸ ਲਈ ਬਕਾਇਦਾ ਵਿਸ਼ੇਸ਼ ਸਟਾਫ ਮੁਹੱਈਆ ਕਰਵਾਇਆ ਜਾਵੇਗਾ ਅਤੇ ਹਾਈਟੈੱਕ ਇਨਫ੍ਰਾਸਟਰੱਕਚਰ ਵੀ ਤਿਆਰ ਕੀਤਾ ਜਾਵੇਗਾ।ਸਲਾਰੀਆ ਨੇ ਕਿਹਾ ਕਿ ਪਠਾਨਕੋਟ ਦੇ ਸਾਲਾਂ ਤੋਂ ਬੰਦ ਪਏ ਏਅਰਪੋਰਟ ਨੂੰ ਜਲਦ ਕੇਂਦਰ ਸਰਕਾਰ ਸ਼ੁਰੂ ਕਰ ਰਹੀ ਹੈ। ਲੋਕਲ ਪੱਧਰ 'ਤੇ ਏਅਰਪੋਰਟ ਰੋਡ ਦੀ ਜੋ ਸਮੱਸਿਆ ਆ ਰਹੀ ਹੈ ਉਸ ਨੂੰ ਉਹ 2 ਮਹੀਨਿਆਂ ਵਿਚ ਹਲ ਕਰਵਾ ਕੇ ਕੰਮ ਅੱਗੇ ਵਧਾਉਣਗੇ। ਇਸ ਦੇ ਇਲਾਵਾ ਰੇਲਵੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਇਸ ਮਹੀਨੇ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਕੇਂਦਰ ਨਾਲ ਗੱਲਬਾਤ ਕਰਨਗੇ।ਜਦੋਂ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਹਲਕੇ ਵਿਚ ਕੰਮ ਕਰ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਜਿਸ ਦੀ ਭਾਜਪਾ ਹਾਈਕਮਾਨ ਨੂੰ ਪੂਰੀ ਜਾਣਕਾਰੀ ਹੈ ਅਤੇ 2019 ਦੀ ਲੋਕ ਸਭਾ ਚੋਣ ਉਹ ਜ਼ਰੂਰ ਲੜਨਗੇ। ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਉਕਤ ਕੰਮਾਂ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਬੰਧੀ ਸਲਾਰੀਆ ਨੇ ਕਿਹਾ ਕਿ ਕਵਿਤਾ ਖੰਨਾ ਕਹਿੰਦੀ ਹੈ ਪਰ ਉਹ ਕਰ ਕੇ ਦਿਖਾਉਣਗੇ।