ਸੰਗਰੂਰ ਤੋਂ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣਗੇ ਕੇਜਰੀਵਾਲ!
Monday, Dec 24, 2018 - 06:46 PM (IST)

ਸੰਗਰੂਰ (ਵੈੱਬ ਡੈਸਕ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ 2019 ਚੋਣਾਂ ਦਾ ਬਿਗੁਲ ਵਜਾਉਣ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਜਨਵਰੀ ਦੇ ਤੀਜੇ ਹਫਤੇ ਸੰਗਰੂਰ ਵਿਚ ਇਕ ਵੱਡੀ ਰੈਲੀ ਕਰ ਸਕਦੇ ਹਨ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਿਲਹਾਲ ਅਜੇ ਤਕ ਰੈਲੀ ਲਈ ਤਾਰੀਖ ਅਤੇ ਜਗ੍ਹਾ ਨਿਸ਼ਚਿਤ ਨਹੀਂ ਹੋ ਸਕੀ ਹੈ ਪਰ ਕੇਜਰੀਵਾਲ ਜਨਵਰੀ ਦੇ ਤੀਜੇ ਹਫਤੇ 'ਚ ਸੰਗਰੂਰ ਵਿਚ ਰੈਲੀ ਕਰ ਸਕਦੇ ਹਨ ਅਤੇ ਵੱਡੇ ਪੱਧਰ 'ਤੇ ਹੋਣ ਵਾਲੀ ਇਸ ਰੈਲੀ ਲਈ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਹਲਕਾ ਸੰਗਰੂਰ ਦਾ ਇਤਿਹਾਸ
ਲੋਕ ਸਭਾ ਹਲਕਾ ਸੰਗਰੂਰ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਇਹ ਸੀਟ ਇਤਿਹਾਸਕ ਤੌਰ 'ਤੇ ਅਕਾਲੀ ਦਲ ਦੇ ਪ੍ਰਭਾਵ ਵਾਲੀ ਸੀਟ ਰਹੀ ਹੈ। ਹੁਣ ਤਕ ਹੋਈਆਂ ਕੁੱਲ 14 ਲੋਕ ਸਭਾ ਚੋਣਾਂ ਵਿਚ ਲਗਭਗ 6 ਵਾਰ ਅਕਾਲੀ ਦਲ ਜੇਤੂ ਰਿਹਾ ਹੈ ਜਦਕਿ 6 ਵਾਰ ਹੀ ਕਾਂਗਰਸ ਜੇਤੂ ਰਹੀ ਹੈ। ਇਸ ਤੋਂ ਇਲਾਵਾ ਇਕ ਵਾਰ ਅਕਾਲੀ ਦਲ ਮਾਨ ਅਤੇ ਇਕ ਵਾਰ ਸੀ. ਪੀ. ਆਈ. ਇਸ ਸੀਟ 'ਤੇ ਜਿੱਤ ਚੁੱਕੀ ਹੈ। 2014 ਦੀ ਚੋਣਾਂ ਵਿਚ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਮੈਦਾਨ ਵਿਚ ਉਤਾਰਿਆ ਸੀ। ਜਦਕਿ ਅਕਾਲੀ ਦਲ ਵਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸ ਨੇ ਵਿਜੇ ਇੰਦਰ ਸਿੰਗਲਾ ਨੂੰ ਮੈਦਾਨ 'ਚ ਉਤਾਰਿਆ ਸੀ। 'ਆਪ' ਦੀ ਸਭ ਤੋਂ ਵੱਡੀ ਜਿੱਤ ਸੰਗਰੂਰ ਲੋਕ ਸਭਾ ਸੀਟ 'ਤੇ ਹੋਈ ਸੀ, ਜਿੱਥੇ ਭਗਵੰਤ ਮਾਨ ਨੇ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਇਹ ਸੂਬੇ ਵਿਚ ਲੋਕ ਸਭਾ ਚੋਣਾਂ ਦੀ ਸਭ ਤੋਂ ਵੱਡੀ ਜਿੱਤ ਸੀ।