ਪੰਜਾਬ ਡੀ. ਜੀ. ਪੀ. ਦਫਤਰ ਦੇ ਆਈ. ਟੀ. ਵਿਭਾਗ ''ਚੋਂ ਭਰਤੀ ਰਿਕਾਰਡ ਦੀਆਂ 2000 ਫਾਈਲਾਂ ਗੁੰਮ
Monday, Jun 19, 2017 - 08:24 AM (IST)
ਚੰਡੀਗੜ੍ਹ (ਰਾਣਾ) - ਪੰਜਾਬ ਦੇ ਡੀ. ਜੀ. ਪੀ. ਦਫਤਰ ਦੇ ਆਈ. ਟੀ. ਵਿਭਾਗ ਤੋਂ 2000 ਪੁਲਸ ਮੁਲਾਜ਼ਮਾਂ ਦੀ ਭਰਤੀ ਦਾ ਰਿਕਾਰਡ ਗਾਇਬ ਹੋ ਗਿਆ। ਇਸਦੇ ਨਾਲ ਵਿੰਗ ਦੇ ਸਾਰੇ ਮੁਲਾਜ਼ਮਾਂ ਦੀ ਸੀਨੀਆਰਤਾ ਲਿਸਟ ਵੀ ਨਹੀਂ ਮਿਲ ਰਹੀ। ਇਸਦੇ ਬਾਅਦ ਆਈ. ਟੀ. ਵਿਭਾਗ ਦੇ ਅਫਸਰਾਂ 'ਚ ਅਫਰਾ-ਤਫਰੀ ਮਚ ਗਈ, ਨਾਲ ਹੀ ਸੀਨੀਅਰ ਅਫਸਰਾਂ ਦੀ ਵੀ ਨੀਂਦ ਉਡਦੀ ਨਜ਼ਰ ਆ ਰਹੀ ਹੈ। ਪਹਿਲਾਂ ਚੰਡੀਗੜ੍ਹ ਸੈਕਟਰ-3 ਪੁਲਸ ਸਟੇਸ਼ਨ 'ਚ 2000 ਫਾਈਲਾਂ ਗੁੰਮ ਹੋਣ ਸਬੰਧੀ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਵਾਇਆ, ਉਥੇ ਹੀ ਜਾਂਚ ਅੱਗੇ ਵਧਾਉਣ ਲਈ ਪੁਲਸ ਨੇ ਸਬੰਧਿਤ ਵਿਭਾਗ ਨੂੰ 3 ਵਾਰ ਪੱਤਰ ਲਿਖਿਆ ਪਰ ਡੀ. ਜੀ. ਪੀ. ਦਫਤਰ ਦੇ ਆਈ. ਟੀ. ਵਿਭਾਗ ਵਲੋਂ ਉਸਦਾ ਇਕ ਵੀ ਜਵਾਬ ਨਹੀਂ ਦਿੱਤਾ ਗਿਆ। ਇਹ ਕੇਸ ਹੁਣ ਅਫਸਰਾਂ ਦੇ ਗਲੇ ਦੀ ਹੱਡੀ ਇਸ ਲਈ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਡੀ. ਜੀ. ਪੀ. ਦਫਤਰ ਦੇ ਵਾਇਰਲੈੱਸ ਐਂਡ ਕਮਿਊਨੀਕੇਸ਼ਨ ਵਿੰਗ 'ਚ 6 ਵਾਇਰਲੈੱਸ ਆਪ੍ਰੇਟਰਾਂ ਦੀ ਫਰਜ਼ੀ ਭਰਤੀ ਕਰਵਾਉਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਹੋਈ ਤੇ ਉਨ੍ਹਾਂ 6 ਫਰਜ਼ੀ ਪੁਲਸ ਵਾਲਿਆਂ ਤੋਂ ਕਰੀਬ 6 ਮਹੀਨੇ ਤਕ ਡਿਊਟੀ ਵੀ ਕਰਵਾਈ ਗਈ, ਜਿਸਦੀ ਜ਼ਰਾ ਵੀ ਭਿਣਕ ਨਹੀਂ ਲੱਗੀ। ਇਸ ਮਾਮਲੇ 'ਚ ਉਸੇ ਵਿਭਾਗ ਦੇ ਏ. ਐੱਸ. ਆਈ. ਸੰਜੀਵ ਖਿਲਾਫ ਅਫਸਰਾਂ ਨੇ ਕੇਸ ਦਰਜ ਕਰਵਾ ਦਿੱਤਾ। ਉਥੇ ਹੀ ਸੰਜੀਵ ਨੇ ਦੋਸ਼ ਲਾਇਆ ਸੀ ਕਿ ਉਸਨੂੰ ਫਸਾਇਆ ਜਾ ਰਿਹਾ ਹੈ। ਸੀਨੀਅਰ ਅਸਫਰਾਂ ਦੇ ਕਹਿਣ 'ਤੇ ਹੀ ਉਸਨੇ ਇਹ ਸਭ ਕੁਝ ਕੀਤਾ ਸੀ।
ਜਾਂਚ 'ਚ ਸਹਿਯੋਗ ਨਹੀਂ ਕਰ ਰਹੀ ਚੰਡੀਗੜ੍ਹ ਪੁਲਸ
ਮਾਮਲਾ ਜ਼ਿਆਦਾ ਤੂਲ ਨਾ ਫੜੇ ਇਸ ਲਈ ਪੰਜਾਬ ਪੁਲਸ ਦੇ ਅਫ਼ਸਰਾਂ ਨੇ ਤੁਰੰਤ ਮਾਮਲਾ ਸ਼ਾਂਤ ਕਰਨ ਲਈ ਅਣਪਛਾਤੇ ਖਿਲਾਫ ਕੇਸ ਦਰਜ ਕਰਵਾ ਦਿੱਤਾ ਪਰ ਹੈਰਾਨੀ ਦੀ ਗੱਲ ਹੈ ਕਿ ਸ਼ਿਕਾਇਤ 'ਚ ਕਿਤੇ ਵੀ ਡੀ. ਜੀ. ਪੀ. ਦਫ਼ਤਰ ਦੇ ਆਈ. ਟੀ. ਵਿਭਾਗ 'ਚ ਤਾਇਨਾਤ ਜਾਂ ਉਸਦੇ ਇਲਾਵਾ ਇਕ ਵੀ ਮੁਲਾਜ਼ਮ 'ਤੇ ਸ਼ੱਕ ਨਹੀਂ ਜਤਾਇਆ। ਕੇਸ ਦਰਜ ਹੋਣ ਦੇ ਬਾਅਦ ਸਭ ਤੋਂ ਪਹਿਲਾਂ ਸ਼ੱਕ ਦੀ ਸੂਈ ਜਿਸ ਵਿਭਾਗ ਤੋਂ 2000 ਫਾਈਲਾਂ ਗੁੰਮ ਹੋਈਆਂ, ਉਸ 'ਤੇ ਜਾਂਦੀ ਹੈ। ਇਸੇ ਕਾਰਨ ਜਦੋਂ ਸੈਕਟਰ-3 ਥਾਣਾ ਪੁਲਸ ਨੇ ਜਾਂਚ ਨੂੰ ਅੱਗੇ ਵਧਾਉਣ ਲਈ ਵਿਭਾਗ ਨੂੰ ਪੱਤਰ ਲਿਖਿਆ ਕਿ ਜੋ ਫਾਈਲਾਂ ਗੁੰਮ ਹੋਈਆਂ ਹਨ, ਉਹ ਕਿਸ ਦੀ ਕਸਟਡੀ 'ਚ ਸਨ। ਇਸ ਦੇ ਬਾਅਦ ਸਬੰਧਿਤ ਵਿਭਾਗ ਤੋਂ ਜਵਾਬ ਨਹੀਂ ਆਇਆ। ਥਾਣਾ ਪੁਲਸ ਨੇ ਫਿਰ 2 ਵਾਰ ਪੱਤਰ ਲਿਖਿਆ ਪਰ ਉਨ੍ਹਾਂ ਦਾ ਵੀ ਕੋਈ ਜਵਾਬ ਨਹੀਂ ਆਇਆ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਡੀ. ਜੀ. ਪੀ. ਦਫ਼ਤਰ ਦੇ ਆਈ. ਟੀ. ਵਿਭਾਗ ਨੇ ਸ਼ਿਕਾਇਤ ਤਾਂ ਦਿੱਤੀ ਪਰ ਜਾਂਚ 'ਚ ਚੰਡੀਗੜ੍ਹ ਪੁਲਸ ਸਹਿਯੋਗ ਨਹੀਂ ਕਰ ਰਹੀ।
