ਪਟਾਕਿਆਂ ਨੇ ਖੋਹੀ 20 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ

Saturday, Oct 21, 2017 - 07:12 AM (IST)

ਪਟਾਕਿਆਂ ਨੇ ਖੋਹੀ 20 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ

ਚੰਡੀਗੜ੍ਹ  (ਰਵੀ) - ਦੀਵਾਲੀ 'ਤੇ ਪਟਾਕੇ ਚਲਾਉਣ ਲਈ ਹਾਈ ਕੋਰਟ ਵਲੋਂ ਇਸ ਵਾਰ ਤਿੰਨ ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ, ਇਸ ਦੇ ਬਾਵਜੂਦ ਲੋਕਾਂ ਨੇ ਇਨ੍ਹਾਂ ਤਿੰਨ ਘੰਟਿਆਂ ਵਿਚ ਹੀ ਪੂਰੀ ਕਮਰ ਕੱਸ ਲਈ। ਇਹ ਕਹਿਣਾ ਹੈ ਪੀ. ਜੀ. ਆਈ. ਦੇ ਡਾਇਰੈਕਟਰ ਜਗਤ ਰਾਮ ਦਾ। ਪਟਾਕਿਆਂ ਨਾਲ ਜ਼ਖਮੀ ਹੋਏ ਮਰੀਜ਼ਾਂ ਦੀ ਗਿਣਤੀ ਪੀ. ਜੀ. ਆਈ. ਵਿਚ ਇਸ ਸਾਲ ਪਿਛਲੇ ਸਾਲ ਤੋਂ ਜ਼ਿਆਦਾ ਰਹੀ। ਆਈ ਸੈਂਟਰ ਵਿਚ ਅੱਖਾਂ ਦੀ ਇੰਜਰੀ ਦੇ ਹੁਣ ਤਕ 37 ਮਰੀਜ਼ ਪਹੁੰਚ ਚੁੱਕੇ ਹਨ। 2 ਮਰੀਜ਼ ਝੁਲਸਣ ਕਾਰਨ ਅਡਵਾਂਸ ਟ੍ਰਾਮਾ ਸੈਂਟਰ ਵਿਚ ਭਰਤੀ ਹਨ। ਉਥੇ ਹੀ ਪੰਚਕੂਲਾ 'ਚ 50 ਲੋਕ ਝੁਲਸੇ ਹਨ।
ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਦੱਸਿਆ ਕਿ ਇਨ੍ਹਾਂ 37 ਕੇਸਾਂ ਵਿਚ 20 ਮਰੀਜ਼ਾਂ ਦੀਆਂ ਅੱਖਾਂ 'ਤੇ ਕਾਫੀ ਗੰਭੀਰ ਜ਼ਖਮ ਹਨ। ਇਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ 13 ਮਰੀਜ਼ਾਂ ਦਾ ਐਮਰਜੈਂਸੀ ਆਪ੍ਰੇਸ਼ਨ ਕੀਤਾ ਗਿਆ, ਜਦਕਿ ਬਾਕੀ ਦੇ ਮਰੀਜ਼ਾਂ ਦੀ ਸਰਜਰੀ ਇਕ ਜਾਂ ਦੋ ਦਿਨ ਵਿਚ ਕਰ ਦਿੱਤੀ ਜਾਵੇਗੀ। ਡਾਕਟਰਾਂ ਦੀ ਮੰਨੀਏ ਤਾਂ 20 ਮਰੀਜ਼ਾਂ ਦੀਆਂ ਅੱਖਾਂ ਦੀ 70 ਫੀਸਦੀ ਰੌਸ਼ਨੀ ਜਾ ਚੁੱਕੀ ਹੈ। ਆਪ੍ਰੇਸ਼ਨ ਤੋਂ ਬਾਅਦ ਵੀ ਇਨ੍ਹਾਂ ਮਰੀਜ਼ਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਵੇਗੀ ਜਾਂ ਨਹੀਂ, ਇਹ ਕਹਿਣਾ ਮੁਸ਼ਕਿਲ ਹੈ।
ਐਡਵਾਂਸ ਆਈ ਸੈਂਟਰ ਦੇ ਐੱਚ. ਓ. ਡੀ. ਪ੍ਰੋ. ਡੋਗਰਾ ਦੀ ਮੰਨੀਏ ਤਾਂ ਪਿਛਲੇ ਸਾਲ ਦੀਵਾਲੀ ਦੇ ਪਹਿਲੇ ਦਿਨ 21 ਮਰੀਜ਼ ਆਏ ਸਨ, ਜਦਕਿ ਦੂਸਰੇ ਦਿਨ 20 ਪਹੁੰਚੇ ਸਨ ਪਰ ਇਸ ਵਾਰ ਪਟਾਕੇ ਬੈਨ ਹੋਣ ਦੇ ਬਾਵਜੂਦ ਵੀ ਪਹਿਲੇ ਹੀ ਦਿਨ ਕਾਫੀ ਮਰੀਜ਼ ਆਏ ਹਨ। ਆਈ ਸੈਂਟਰ ਵਿਚ ਪਹੁੰਚੇ ਮਰੀਜ਼ਾਂ ਵਿਚੋਂ 16 ਟ੍ਰਾਈਸਿਟੀ ਦੇ, ਜਦਕਿ 21 ਮਰੀਜ਼ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਹਨ। ਇਨ੍ਹਾਂ ਮਰੀਜ਼ਾਂ ਵਿਚ 29 ਮਰਦ ਤੇ 8 ਔਰਤਾਂ ਹਨ।
ਡਾਕਟਰਾਂ ਦੀ ਮੰਨੀਏ ਤਾਂ ਇਨ੍ਹਾਂ ਮਰੀਜ਼ਾਂ ਵਿਚ ਜ਼ਿਆਦਾਤਰ ਬੱਚੇ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 16 ਸਾਲ ਤਕ ਹੈ। ਪ੍ਰੋ. ਡੋਗਰਾ ਮੁਤਾਬਿਕ ਇਨ੍ਹਾਂ ਮਰੀਜ਼ਾਂ ਵਿਚੋਂ ਜ਼ਿਆਦਾ ਮਰੀਜ਼ ਉਹ ਹਨ, ਜੋ ਪਟਾਕੇ ਚਲਾ ਨਹੀਂ ਰਹੇ ਸਨ ਪਰ ਸਿਰਫ ਦੇਖ ਰਹੇ ਸਨ। ਇਨ੍ਹਾਂ ਵਿਚ 11 ਲੋਕ ਅਜਿਹੇ ਸਨ, ਜੋ ਪਟਾਕੇ ਚਲਾ ਰਹੇ ਸਨ, ਜਦਕਿ 24 ਅਜਿਹੇ ਸਨ, ਜੋ ਸਿਰਫ਼ ਨਾਲ ਖੜ੍ਹ ਹੋ ਕੇ ਦੇਖ ਰਹੇ ਸਨ।
ਪਟਾਕੇ ਚੱਲਦੇ ਦੇਖਦਿਆਂ ਜ਼ਖਮੀ ਹੋਇਆ 7 ਸਾਲਾ ਰਚਿਤ
ਖਰੜ ਵਿਖੇ ਰਹਿਣ ਵਾਲਾ 7 ਸਾਲਾ ਰਚਿਤ ਦੀਵਾਲੀ ਦੀ ਰਾਤ ਹੀ ਅਡਵਾਂਸ ਆਈ ਸੈਂਟਰ ਵਿਚ ਪਹੁੰਚ ਗਿਆ ਸੀ। ਡਾਕਟਰਾਂ ਨੇ ਰਚਿਤ ਦੀ ਹਾਲਤ ਨੂੰ ਦੇਖਦਿਆਂ ਉਸ ਦੀ ਇਕ ਅੱਖ ਦੀ ਸਰਜਰੀ ਕਰ ਦਿੱਤੀ। ਰਚਿਤ ਦੇ ਪਰਿਵਾਰ ਨੇ ਦੱਸਿਆ ਕਿ ਇਹ ਪਟਾਕੇ ਤਾਂ ਚਲਾ ਨਹੀ ਰਿਹਾ ਸੀ, ਬਸ ਚੱਲਦੇ ਦੇਖਦੇ ਸਮੇਂ ਹੀ ਇਹ ਹਾਦਸਾ ਹੋ ਗਿਆ। ਡਾਕਟਰਾਂ ਦੀ ਮੰਨੀਏ ਤਾਂ ਸਰਜਰੀ ਤਾਂ ਹੋ ਗਈ ਹੈ ਪਰ ਰਚਿਤ ਦੀ ਹਾਲਤ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ।
ਗੁਆਂਢੀਆਂ ਦੀ ਆਤਿਸ਼ਬਾਜ਼ੀ ਦਾ ਸ਼ਿਕਾਰ ਹੋਇਆ ਅਯਾਨ
12 ਸਾਲਾ ਮੁਹੰਮਦ ਅਯਾਨ ਵੀ ਉਨ੍ਹਾਂ ਮਰੀਜ਼ਾਂ ਵਿਚੋਂ ਇਕ ਹੈ, ਜੋ ਪਟਾਕੇ ਚਲਾਉਣ ਨਾਲ ਨਹੀਂ, ਬਲਕਿ ਦੇਖਦਾ ਹੋਇਆ ਜ਼ਖਮੀ ਹੋ ਗਿਆ। ਪੰਜਾਬ ਦੇ ਮਾਲੇਰਕੋਟਲਾ ਦਾ ਰਹਿਣ ਵਾਲਾ ਮੁਹੰਮਦ ਅਯਾਨ ਦੀਵਾਲੀ ਦੀ ਰਾਤ ਛੱਤ 'ਤੇ ਗੁਆਂਢੀਆਂ ਵਲੋਂ ਕੀਤੀ ਜਾ ਰਹੀ ਆਤਿਸ਼ਬਾਜ਼ੀ ਦੇਖ ਰਿਹਾ ਸੀ, ਜਿਸ ਦੌਰਾਨ ਪਟਾਕੇ ਦੀ ਚੰਗਿਆੜੀ ਉਸ ਦੀ ਅੱਖ ਵਿਚ ਚਲੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਕਰ ਦਿੱਤਾ ਹੈ।
ਦੋਵੇਂ ਹੱਥ ਸਾੜ ਬੈਠੀ 14 ਸਾਲਾ ਲੜਕੀ
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਰਹਿਣ ਵਾਲੀ 14 ਸਾਲਾ ਲੜਕੀ ਦੀਆਂ ਅੱਖਾਂ ਦਾ ਆਪ੍ਰੇਸ਼ਨ ਐਡਵਾਂਸ ਆਈ ਸੈਂਟਰ ਵਿਚ ਹੋਣਾ ਸੀ, ਜਿਸ ਲਈ ਉਹ ਚੰਡੀਗੜ੍ਹ ਆਈ ਹੋਈ ਹੈ। ਦੀਵਾਲੀ ਦੀ ਰਾਤ ਇਹ ਲੜਕੀ ਆਪਣੇ ਦੋਵੇਂ ਹੱਥ ਸਾੜ ਬੈਠੀ, ਜਿਸ ਦਾ ਇਲਾਜ ਪੀ. ਜੀ. ਆਈ. ਵਿਚ ਚੱਲ ਰਿਹਾ ਹੈ। ਪੀ. ਜੀ. ਆਈ. ਡਾਇਰੈਕਟਰ ਦੀ ਮੰਨੀਏ ਤਾਂ ਬੱਚੀ ਆਪਣੇ ਹੱਥਾਂ ਵਿਚ ਪਟਾਕੇ ਚਲਾਉਂਦੇ ਸਮੇਂ ਜ਼ਖਮੀਂ ਹੋ ਗਈ। ਡਾਕਟਰਾਂ ਅਨੁਸਾਰ ਇੰਨੀ ਜਾਗਰੂਕਤਾ ਤੋਂ ਬਾਅਦ ਵੀ ਲੋਕ ਜਾਗਰੂਕ ਨਹੀਂ ਹੋ ਰਹੇ ਹਨ, ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣਾ ਕਾਫੀ ਹੈਰਾਨੀਜਨਕ ਹੈ।


Related News