ਭਾਰਤ ਪੁੱਜੇ ਪਾਕਿਸਤਾਨ ਤੋਂ ਰਿਹਾਅ ਹੋਏ ਆਂਧਰਾ ਪ੍ਰਦੇਸ਼ ਦੇ 20 ਮਛੇਰੇ
Tuesday, Jan 07, 2020 - 12:22 AM (IST)

ਅੰਮ੍ਰਿਤਸਰ, (ਨੀਰਜ)— ਕੈਦੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ 'ਚ ਹੋਏ ਸਮਝੌਤੇ ਤਹਿਤ ਪਾਕਿਸਤਾਨ ਦੀ ਸਰਕਾਰ ਨੇ ਆਂਧਰਾ ਪ੍ਰਦੇਸ਼ ਦੇ 20 ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ, ਜੋ ਵਾਹਘਾ-ਅਟਾਰੀ ਬਾਰਡਰ ਕਰਾਸ ਕਰ ਕੇ ਸੋਮਵਾਰ ਨੂੰ ਭਾਰਤ ਪਹੁੰਚ ਗਏ। ਜਾਣਕਾਰੀ ਅਨੁਸਾਰ ਮਛੇਰਿਆਂ ਨੂੰ ਰਾਤ 8 ਵਜੇ ਜੇ. ਸੀ. ਪੀ. ਅਟਾਰੀ ਬਾਰਡਰ 'ਤੇ ਲਿਆਂਦਾ ਗਿਆ। ਇਸ ਮੌਕੇ ਆਂਧਰਾ ਪ੍ਰਦੇਸ਼ ਸਰਕਾਰ ਦੇ ਮੰਤਰੀ ਮੋਪੀਦੇਵੀ ਰਮਨ ਅਤੇ ਸਪੈਸ਼ਲ ਚੀਫ ਸੈਕਟਰੀ ਆਂਧਰਾ ਪ੍ਰਦੇਸ਼ ਨੇ ਮਛੇਰਿਆਂ ਨੂੰ ਰਿਸੀਵ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੋਪੀਦੇਵੀ ਰਮਨ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਮਛੇਰੇ ਗੁਜਰਾਤ ਦੇ ਮਛੇਰਿਆਂ ਨਾਲ ਮੱਛੀ ਫੜਣ ਲਈ ਸਮੁੰਦਰ 'ਚ ਗਏ ਸਨ। ਗਲਤੀ ਨਾਲ ਪਾਕਿਸਤਾਨ ਦੀ ਸਮੁੰਦਰੀ ਸੀਮਾ ਕਰਾਸ ਕਰ ਗਏ, ਜਿੱਥੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਾਰੇ ਮਛੇਰੇ ਪਿਛਲੇ 13 ਮਹੀਨਿਆਂ ਤੋਂ ਪਾਕਿਸਤਾਨ ਦੇ ਕਰਾਚੀ ਦੀ ਮਲੇਰ ਜੇਲ 'ਚ ਕੈਦ ਸਨ, ਜਿਨ੍ਹਾਂ ਦੀ ਰਿਹਾਈ ਕਰਵਾਉਣ ਲਈ ਮੁੱਖ ਮੰਤਰੀ ਆਂਧਰਾ ਪ੍ਰਦੇਸ਼ ਜਗਨਮੋਹਨ ਰੈੱਡੀ ਵੱਲੋਂ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਮਛੇਰਿਆਂ ਨੂੰ ਜਹਾਜ਼ ਦੇ ਜ਼ਰੀਏ ਦਿੱਲੀ ਲਿਜਾਇਆ ਜਾਵੇਗਾ ਅਤੇ ਦਿੱਲੀ ਦੇ ਬਾਅਦ ਆਂਧਰਾ ਪ੍ਰਦੇਸ਼ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ 2 ਮਛੇਰੇ ਬਾਕੀ ਹਨ, ਜਿਨ੍ਹਾਂ ਦੀ ਰਿਹਾਈ ਲਈ ਦਸਤਾਵੇਜ਼ੀ ਪਰਿਕ੍ਰਿਆ ਚੱਲ ਰਹੀ ਹੈ।
ਪਹਿਲੀ ਵਾਰ ਜਹਾਜ਼ 'ਤੇ ਜਾਣਗੇ ਘਰ
ਭਾਰਤ-ਪਾਕਿਸਤਾਨ 'ਚ ਮਛੇਰਿਆਂ ਦੀ ਰਿਹਾਈ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਹਿਲੀ ਵਾਰ ਮਛੇਰਿਆਂ ਨੂੰ ਜਹਾਜ਼ ਦੇ ਜ਼ਰੀਏ ਘਰ ਲਿਜਾਇਆ ਜਾ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕਿਸੇ ਰਾਜ ਦਾ ਕੈਬਨਿਟ ਮੰਤਰੀ ਅਤੇ ਸਪੈਸ਼ਲ ਚੀਫ ਸੈਕਟਰੀ ਮਛੇਰਿਆਂ ਨੂੰ ਰਿਸੀਵ ਕਰਨ ਲਈ ਆਏ ਹੋਣ। ਨਹੀਂ ਤਾਂ ਕੁਝ ਸਰਕਾਰੀ ਅਧਿਕਾਰੀ ਹੀ ਮਛੇਰਿਆਂ ਨੂੰ ਰਿਸੀਵ ਕਰਨ ਲਈ ਆਉਂਦੇ ਰਹੇ ਹਨ ਅਤੇ ਟਰੇਨ ਦੇ ਜ਼ਰੀਏ ਉਨ੍ਹਾਂ ਦੇ ਘਰ ਪਹੁੰਚਾਇਆ ਜਾਂਦਾ ਰਿਹਾ ਹੈ।