ਭਾਰਤ-ਪਾਕਿ ਸਰਹੱਦ ਨੇਡ਼ਿਓਂ 20 ਕਰੋਡ਼ ਦੀ ਹੈਰੋਇਨ ਤੇ ਅਸਲਾ ਬਰਾਮਦ

02/20/2020 12:43:21 AM

ਤਰਨਤਾਰਨ, (ਰਮਨ, ਬਲਵਿੰਦਰ ਕੌਰ, ਰਾਜੂ)- ਜ਼ਿਲਾ ਤਰਨਤਾਰਨ ਦੀ ਪੁਲਸ ਨੇ ਅੱਜ 20 ਕਰੋਡ਼ ਰੁਪਏ ਤੋਂ ਵੱਧ ਕੀਮਤ ਵਾਲੀ 4 ਕਿੱਲੋ 212 ਗ੍ਰਾਮ ਹੈਰੋਇਨ ਦੇ ਨਾਲ ਇਕ ਪਿਸਤੌਲ, 25 ਜ਼ਿੰਦਾ ਰੌਂਦ ਅਤੇ 52 ਗ੍ਰਾਮ ਅਫੀਮ ਬਰਾਮਦ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ’ਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਖੇਮਕਰਨ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਅਤੇ ਥਾਣਾ ਝਬਾਲ ਦੇ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਇਕ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਕਿਸੇ ਨਾਮਾਲੂਮ ਸਮੱਗਲਰ ਵਲੋਂ ਬਾਰਡਰ ਨਜ਼ਦੀਕ ਪਾਕਿਸਤਾਨ ਤੋਂ ਮੰਗਵਾਈ ਵੱਡੀ ਮਾਤਰਾ ’ਚ ਹੈਰੋਇਨ ਅਤੇ ਹਥਿਆਰ ਕਣਕ ਦੀ ਫਸਲ ਹੇਠਾਂ ਦਬਾ ਕੇ ਰੱਖੇ ਗਏ ਹਨ, ਜਿਸ ਤਹਿਤ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਨੇ ਬੀ. ਐੱਸ. ਐੱਫ. ਦੀ ਚੌਕੀ ਮੀਆਂ ਵਾਲਾ ਉਤਾਡ਼ ਦੇ ਪਿੱਲਰ ਨੰਬਰ 157/15 ਵਿਖੇ ਤਲਾਸ਼ੀ ਮੁਹਿੰਮ ਚਲਾਈ। ਇਸ ਮੁਹਿੰਮ ’ਚ ਬੀ. ਐੱਸ. ਐੱਫ. ਦੀ ਪੋਸਟ ਦੇ ਇੰਚਾਰਜ ਡੀ. ਐੱਸ. ਪੀ. ਰਾਜੇਸ਼ ਤੇਲੂ ਰਾਮ ਨੇ 14 ਬਟਾਲੀਅਨ ਨੂੰ ਨਾਲ ਲੈ ਕੇ ਇਲਾਕੇ ਅੰਦਰ ਬਡ਼ੀ ਗੰਭੀਰਤਾ ਨਾਲ ਤਲਾਸ਼ੀ ਮੁਹਿੰਮ ਚਲਾਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸਾਂਝੀ ਟੀਮ ਵਲੋਂ ਕੀਤੇ ਸਰਚ ਮੁਹਿੰਮ ਦੌਰਾਨ ਪਿੱਲਰ ਨੰਬਰ 157 ਨਜ਼ਦੀਕ ਸਰਹੱਦ ਤੋਂ 50 ਫੱੁਟ ਭਾਰਤ ਅੰਦਰ ਖੇਤੀਯੋਗ ਜ਼ਮੀਨ ਜੋ ਸਤਨਾਮ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਖੇਮਕਰਨ ਅਤੇ ਉਸ ਦੇ ਭਰਾ ਦਿਲਬਾਗ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਖੇਮਕਰਨ ਦੀ ਹੈ, ਅੰਦਰੋਂ ਕਣਕ ਦੇ ਸਿੱਟਿਆਂ ਹੇਠਾਂ ਦਬਾਈਆਂ ਤਿੰਨ ਬੋਤਲਾਂ ਹੈਰੋਇਨ, ਇਕ ਚਾਈਨਾ ਮੇਡ ਪਿਸਤੌਲ 32 ਬੋਰ, 25 ਜ਼ਿੰਦਾ ਰੌਂਦ, ਦੋ ਮੈਗਜ਼ੀਨ ਅਤੇ 52 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੋਤਲਾਂ ’ਚ ਰੱਖੀ ਹੈਰੋਇਨ ਦਾ ਕੁੱਲ ਵਜ਼ਨ 4 ਕਿਲੋ 212 ਗ੍ਰਾਮ ਪਾਇਆ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਮੁਲਜ਼ਮਾਂ ਖਿਲਾਫ ਥਾਣਾ ਖੇਮਕਰਨ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 20 ਕਰੋਡ਼ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਇਸ ਮੌਕੇ ਐੱਸ. ਪੀ. (ਡੀ.) ਜਗਜੀਤ ਸਿੰਘ ਵਾਲੀਆ, ਡੀ. ਐੱਸ. ਪੀ. ਸੱੁਚਾ ਸਿੰਘ ਬੱਲ, ਡੀ. ਐੱਸ. ਪੀ. ਕੰਵਲਪ੍ਰੀਤ ਸਿੰਘ, ਇੰਸਪੈਕਟਰ ਬਲਜੀਤ ਸਿੰਘ, ਇੰਸਪੈਕਟਰ ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ।


Bharat Thapa

Content Editor

Related News