ਮੈਰਾ ਭਦਰਾਲੀ ’ਚ 20 ਏਕੜ ਕਣਕ ਦੀ ਫਸਲ ਸੜ ਕੇ ਹੋਈ ਸੁਆਹ

Tuesday, Apr 13, 2021 - 01:09 AM (IST)

ਮੈਰਾ ਭਦਰਾਲੀ ’ਚ 20 ਏਕੜ ਕਣਕ ਦੀ ਫਸਲ ਸੜ ਕੇ ਹੋਈ ਸੁਆਹ

ਸੁਜਾਨਪੁਰ, (ਜੋਤੀ, ਬਖਸ਼ੀ)- ਪਿੰਡ ਮੈਰਾ-ਭਦਰਾਲੀ ’ਚ ਕਣਕ ਦੇ ਖੇਤਾਂ ’ਚ ਲੱਗੀ ਅੱਗ ਕਾਰਨ 20 ਏਕੜ ਕਣਕ ਦੀ ਫਸਲ ਸੜੀ ਅਤੇ ਇਕ ਵੱਛੀ ਦੀ ਮੌਤ ਹੋ ਗਈ।
ਇਸ ਸਬੰਧੀ ਭਦਰਾਲੀ ਦੀ ਸਰਪੰਚ ਕਾਂਸੋ ਦੇਵੀ ਦੇ ਪੁੱਤਰ ਅਸ਼ਵਨੀ ਕੁਮਾਰ, ਮੈਂਬਰ ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਦੁਪਹਿਰ 2 ਵਜੇ ਦੇ ਕਰੀਬ ਖੇਤਾਂ ’ਚ ਅੱਗ ਲੱਗੀ ਦੇਖ ਕੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਅਤੇ ਖੁਦ ਪਿੰਡ ਵਾਸੀਆਂ ਨਾਲ ਬਾਲਟੀਆਂ ’ਚ ਪਾਣੀ ਭਰ ਕੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਪਰ ਤੇਜ਼ ਹਵਾ ਨੇ ਫਸਲ ਅਤੇ ਕੁਝ ਲੋਕਾਂ ਦੀਆਂ ਖੇਤਾਂ ’ਚ ਬਣਾਈਆ ਕੱਚੀਆਂ ਝੌਪੜੀਆਂ ਨੂੰ ਸੜ ਕੇ ਸੁਆਹ ਕਰ ਦਿੱਤਾ। ਇਸ ਦੌਰਾਨ ਇਕ ਵੱਛੀ ਦੀ ਵੀ ਮੌਤ ਹੋ ਗਈ।

ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਅੱਗ ’ਤੇ ਕਾਬੂ ਪਾਉਣ ਲਈ ਲੱਗਭਗ 2 ਘੰਟੇ ਦੀ ਸਖ਼ਤ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਦੇਰ ਨਾਲ ਪਹੁੰਚਣ ਕਾਰਨ ਪਿੰਡ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਪੁੱਜ ਜਾਂਦੀ ਤਾਂ ਜ਼ਿਆਦਾ ਨੁਕਸਾਨ ਨਹੀਂ ਹੋਣਾ ਸੀ।

ਇਸ ਦੌਰਾਨ ਪਿੰਡ ਦੇ ਸੁਭਾਸ਼ ਚੰਦਰ ਨੇ ਦੱਸਿਆ ਕਿ ਉਸਦੀ 6 ਏਕੜ ਦੀ ਫਸਲ ਸੜ ਗਈ ਅਤੇ ਇਕ 15 ਦਿਨਾਂ ਦੀ ਵੱਛੀ ਦੀ ਮੌਤ ਹੋ ਗਈ। ਦੂਜੇ ਪਾਸੇ ਅਨੀਤਾ ਦੇਵੀ ਦੀ 3 ਏਕੜ, ਮੈਂਬਰ ਬਲਦੇਵ ਰਾਜ ਦੀ 14 ਕਨਾਲ, ਕਸਤੂਰੀ ਲਾਲ ਦੀ 12 ਕਨਾਲ, ਅਵਤਾਰ ਚੰਦ, ਕਰਤਾਰ ਚੰਦ, ਮੰਗਲ ਦਾਸ, ਮਨੋਹਰ ਲਾਲ ਦੀ 1-1 ਏਕੜ, ਰਮੇਸ਼ ਲਾਲ, ਕਸ਼ਟੀਜ ਪਾਲ, ਆਦਰਸ਼, ਅਮਰਨਾਥ ਦੀ 6- 6 ਕਨਾਲ, ਅਸ਼ੋਕ ਦੀ 4 ਕਨਾਲ, ਬਲਵਾਨ ਦੀ 12 ਕਨਾਲ ਅਤੇ ਮਦਨ ਲਾਲ ਦੀ 2 ਕਨਾਲ ਦੀ ਫਸਲ ਸੜ ਕੇ ਸੁਆਹ ਹੋ ਗਈ ਜਦਕਿ ਹੋਰ ਖੇਤ ਮਾਲਕਾਂ ਦੀ ਪਛਾਣ ਨਹੀਂ ਹੋ ਸਕੀ।


author

Bharat Thapa

Content Editor

Related News