ਜ਼ਮੀਨੀ ਝਗੜੇ ਕਾਰਨ ਅੰਨ੍ਹੇਵਾਹ ਚੱਲੀਆਂ ਗੋਲੀਆਂ, 2 ਨੌਜਵਾਨਾਂ ਦੀ ਮੌਤ (ਵੀਡੀਓ)
Monday, Oct 15, 2018 - 08:59 AM (IST)
ਬਰਨਾਲਾ (ਪੁਨੀਤ ਮਾਨ) : ਬਰਨਾਲਾ ਦੇ ਕਸਬਾ ਭਦੌੜ 'ਚ ਜ਼ਮੀਨੀ ਝਗੜੇ ਕਾਰਨ 2 ਧਿਰਾਂ ਵਿਚਕਾਰ ਚੱਲ ਰਿਹਾ ਵਿਵਾਦ ਉਸ ਸਮੇਂ ਖੂਨੀ ਰੂਪ ਧਾਰਨ ਕਰ ਗਿਆ, ਜਦੋਂ ਇਕ ਧਿਰ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। ਅਸਲ 'ਚ ਬਹਾਦਰ ਸਿੰਘ ਅਤੇ ਜਗਦੀਪ ਸਿੰਘ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।
ਘਟਨਾ ਵਾਲੇ ਦਿਨ ਜਗਦੀਪ ਸਿੰਘ ਜਦੋਂ ਆਪਣੇ ਖੇਤਾਂ 'ਚ ਕੰਬਾਈਨ ਨਾਲ ਝੋਨੇ ਦੀ ਫਸਲ ਕਟਵਾ ਰਿਹਾ ਸੀ ਤਾਂ ਬਹਾਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਪੁੱਜ ਕੇ ਜ਼ਮੀਨ ਦੇ ਮਾਲਕ ਜਗਦੀਪ ਸਿੰਘ, ਕੰਬਾਈਨ ਦੇ ਮਾਲਕ ਅਤੇ ਡਰਾਈਵਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਲਹੂ-ਲੁਹਾਨ ਹੋਏ ਤਿੰਨਾਂ ਲੋਕਾਂ ਨੂੰ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ ਪਰ ਇੱਥੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਜਗਦੇਵ ਸਿੰਘ ਅਤੇ ਕੰਬਾਈਨ ਦੇ ਡਰਾਈਵਰ ਨੇ ਦਮ ਤੋੜ ਦਿੱਤਾ, ਜਦੋਂ ਕਿ ਕੰਬਾਈਨ ਮਾਲਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ। ਫਿਲਹਾਲ ਪੁਲਸ ਵਲੋਂ ਇਸ ਘਟਨਾ ਦੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।