ਅਹਿਮ ਖ਼ਬਰ : ਟਾਰਗੈੱਟ ਕਿਲਿੰਗ ਕਰਨ ਵਾਲੇ 2 ਸ਼ੂਟਰ ਗ੍ਰਿਫ਼ਤਾਰ, ਵਿਦੇਸ਼ ਤੱਕ ਜੁੜੇ ਨੇ ਤਾਰ
Friday, Feb 10, 2023 - 06:45 PM (IST)
ਸਮਰਾਲਾ (ਗਰਗ, ਬੰਗੜ)-ਸਥਾਨਕ ਪੁਲਸ ਵੱਲੋਂ ਪੰਜਾਬ ’ਚ ਟਾਰਗੈੱਟ ਕਿਲਿੰਗ ਕਰਨ ਵਾਲੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇਕ ਪਿਸਟਲ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਸ਼ੂਟਰਾਂ ਦੇ ਤਾਰ ਵਿਦੇਸ਼ ਤੱਕ ਜੁੜੇ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਅਤੇ ਇਨ੍ਹਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਸਮਰਾਲਾ ਦੇ ਡੀ. ਐੱਸ. ਪੀ. ਵਰਿਆਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਵੱਲੋਂ ਬੀਤੇ ਦਿਨੀਂ ਨਾਜਾਇਜ਼ ਪਿਸਤੌਲ ਤੇ 8 ਜ਼ਿੰਦਾ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤੇ ਸ਼ੂਟਰ ਗੁਰਚਰਨ ਸਿੰਘ ਉਰਫ ਨਿੱਕਾ ਵਾਸੀ ਪੱਤਲੀ (ਫਿਰੋਜ਼ਪੁਰ) ਦੀ ਪੁੱਛਗਿਛ ਉਪਰੰਤ ਅੱਜ ਇਸ ਮਾਮਲੇ ’ਚ ਇਕ ਹੋਰ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਵੈਤ ਵਿਖੇ ਰਹਿੰਦੇ ਏਕਮ ਸਿੰਘ ਵਾਸੀ ਬੱਧਨੀ ਕਲਾਂ ਨੇ ਨਿੱਜੀ ਰੰਜਿਸ਼ ਕਾਰਨ ਆਪਣੇ ਚਾਚੇ ਦੇ ਪੁੱਤ ਨੂੰ ਇਨ੍ਹਾਂ ਸ਼ੂਟਰਾਂ ਰਾਹੀਂ ਮਰਵਾਉਣ ਲਈ ਯੋਜਨਾ ਘੜੀ ਸੀ।
ਇਹ ਖ਼ਬਰ ਵੀ ਪੜ੍ਹੋ : ਮੰਤਰੀ ਜੌੜਾਮਾਜਰਾ ਨੇ ਆਜ਼ਾਦੀ ਘੁਲਾਟੀਆਂ ਲਈ ਹੈਲਪਲਾਈਨ ਨੰਬਰ ਤੇ ਈਮੇਲ ਕੀਤੀ ਸ਼ੁਰੂ
ਥੋੜ੍ਹਾ ਸਮਾਂ ਪਹਿਲਾਂ ਆਪਣੇ ਟਾਰਗੈੱਟ ’ਤੇ ਫਾਇਰਿੰਗ ਵੀ ਕਰਵਾਈ ਗਈ ਸੀ ਪਰ ਉਹ ਉਸ ਵੇਲੇ ਬਚ ਗਿਆ ਸੀ, ਜਿਸ ਸਬੰਧੀ ਪੁਲਸ ਨੇ ਮੋਗਾ ਜ਼ਿਲ੍ਹੇ ’ਚ ਇਨ੍ਹਾਂ ’ਤੇ ਮਾਮਲਾ ਦਰਜ ਕੀਤਾ ਹੋਇਆ ਹੈ। ਕੁਵੈਤ ’ਚ ਬੈਠੇ ਏਕਮ ਨੇ ਇਨ੍ਹਾਂ ਨੂੰ ਲਾਲਚ ਦਿੱਤਾ ਸੀ ਕਿ ਉਹ ਟਿਕਟ ਸਮੇਤ ਪੂਰਾ ਖਰਚ ਕਰਕੇ ਉਨ੍ਹਾਂ ਨੂੰ ਕੁਵੈਤ ਬੁਲਾ ਲਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਬਰਾਮਦ ਕੀਤੇ 30 ਬੋਰ ਦੇ ਪਿਸਤੌਲ ’ਤੇ ਲੱਗਿਆ ਹੋਇਆ ਮਾਰਕਾ ਮਿਟਾਇਆ ਹੋਇਆ ਸੀ ਅਤੇ ਗੁਰਚਰਨ ਸਿੰਘ ਉਰਫ ਨਿੱਕਾ ਨੂੰ ਇਹ ਪਿਸਤੌਲ ਚੰਡੀਗੜ੍ਹ ਤੋਂ ਮੋਗਾ ਵਿਖੇ ਪਹੁੰਚਾਉਣ ਲਈ ਉਸ ਦੇ ਸਾਥੀਆਂ ਕੁਲਵੰਤ ਸਿੰਘ ਉਰਫ ਕੰਤਾ ਵਾਸੀ ਲੰਡੇ ਅਤੇ ਨੀਲਾ ਵਾਸੀ ਬੱਧਨੀ ਕਲਾਂ ਵੱਲੋਂ ਦਿੱਤਾ ਗਿਆ ਸੀ। ਅਗਲੀ ਪੁੱਛਗਿਛ ’ਚ ਪੁਲਸ ਹੁਣ ਇਹ ਪਤਾ ਲਗਾਏਗੀ ਕਿ ਇਹ ਪਿਸਤੌਲ ਕਿੱਥੋਂ ਦਾ ਬਣਿਆ ਹੋਇਆ ਹੈ ਤੇ ਕਿੱਥੋਂ ਲਿਆਂਦਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਆਪ੍ਰੇਸ਼ਨ ਦੋਸਤ’ : ਤੁਰਕੀ ’ਚ ਭਾਰਤੀ ਫ਼ੌਜ ਦੇ ‘ਫੀਲਡ’ ਹਸਪਤਾਲ ਨੇ ਕੰਮ ਕਰਨਾ ਕੀਤਾ ਸ਼ੁਰੂ
ਪੁਲਸ ਅਨੁਸਾਰ ਇਸ ਮਾਮਲੇ ’ਚ ਪੰਜਾਬ ਵਿਚ ਰਹਿੰਦਾ ਇਕ ਕਥਿਤ ਦੋਸ਼ੀ ਨੀਲਾ ਵਾਸੀ ਬੱਧਨੀ ਕਲਾਂ ਅਤੇ ਕੁਵੈਤ ’ਚ ਰਹਿੰਦੇ ਏਕਮ ਸਿੰਘ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਇਕ ਵਿਅਕਤੀ ਤੋਂ ਪਿਸਤੌਲ ਬਰਾਮਦ ਹੋਣ ਦੇ ਮਾਮਲੇ ਦੀ ਪੋਲ ਖੁੱਲ੍ਹਦਿਆਂ ਇਹ ਮਾਮਲਾ ਗੈਂਗਸਟਰਾਂ ਨਾਲ ਸਬੰਧਤ ਹੋਣ ਉਪਰੰਤ ਹੁਣ ਪੁਲਸ ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿਛ ਦਾ ਦਾਇਰਾ ਵਧਾ ਕੇ ਪੰਜਾਬ ਦੇ ਹੋਰ ਗੈਂਗਸਟਰਾਂ ਦੀ ਪੈੜ ਨੱਪਣ ਦੀ ਫਿਰਾਕ ’ਚ ਹੈ।
ਇਹ ਖ਼ਬਰ ਵੀ ਪੜ੍ਹੋ : ਟਾਂਡਾ ਉੜਮੁੜ ਵਿਖੇ ਪੁਲਸ ਮੁਲਾਜ਼ਮ ਦੇ ਸਿਰ 'ਚ ਲੱਗੀ ਗੋਲ਼ੀ, ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ