ਪਟਿਆਲਾ : ਗੁਰਦੁਆਰਾ ਸਾਹਿਬ ਨੇੜੇ ਘੁੰਮ ਰਹੇ 2 ਸ਼ੱਕੀ ਅਸਲੇ ਸਣੇ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖੁਲਾਸੇ

09/02/2020 8:39:42 AM

ਪਟਿਆਲਾ (ਬਲਜਿੰਦਰ) : ਥਾਣਾ ਤ੍ਰਿਪੜੀ ਦੀ ਪੁਲਸ ਨੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਆਸ-ਪਾਸ ਘੁੰਮ ਰਹੇ 2 ਵਿਅਕਤੀਆਂ ਨੂੰ ਇੱਕ ਦੇਸੀ ਪਿਸਤੌਲ 32 ਬੋਰ ਅਤੇ 2 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਜਦੋਂ ਪਿਸਤੌਲ ਨੂੰ ਚੈੱਕ ਕੀਤਾ ਗਿਆ ਤਾਂ ਇਸ ’ਤੇ ਮੇਡ-ਇਨ-ਇੰਗਲੈਂਡ ਲਿਖਿਆ ਹੋਇਆ ਸੀ।

ਇਹ ਵੀ ਪੜ੍ਹੋ : 'ਬਿਊਪ੍ਰੇਨੋਰਫਿਨ ਗੋਲੀਆਂ' ਦੀ ਕੀਮਤ ਮਾਮਲੇ 'ਤੇ ਅਕਾਲੀ ਦਲ ਨੇ ਘੇਰੀ ਕਾਂਗਰਸ, ਕੀਤੀ ਕਾਰਵਾਈ ਦੀ ਮੰਗ

ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਵਰਿੰਦਰਜੀਤ ਦੁੱਗਲ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ’ਚ ਸੁਖਜੀਤ ਸਿੰਘ ਉਰਫ਼ ਸੁੱਖੀ ਪੁੱਤਰ ਮਹਿੰਦਰ ਸਿੰਘ ਵਾਸੀ ਗਨੋਟਾ ਰਾਮਪੁਰ ਗੁੱਜਰਾਂ, ਸੰਗਰੂਰ ਅਤੇ ਰਣਜੀਤ ਸਿੰਘ ਉਰਫ਼ੇ ਸੰਨੀ ਪੁੱਤਰ ਗਰਤੇਜ ਸਿੰਘ ਵਾਸੀ ਮੈਘ ਕਾਲੋਨੀ, ਪਟਿਆਲਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਐੱਸ. ਪੀ. ਸਿਟੀ ਵਰੁਣ ਸ਼ਰਮਾ, ਡੀ. ਐੱਸ. ਪੀ. ਸਿਟੀ-2 ਸੌਰਵ ਜਿੰਦਲ ਅਤੇ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਏ. ਐੱਸ. ਆਈ. ਚਰਨ ਸਿੰਘ ਪੁਲਸ ਪਾਰਟੀ ਸਮੇਤ ਕੋਹਲੀ ਸਵੀਟਸ ਚੌਂਕ ਤ੍ਰਿਪੜੀ ਵਿਖੇ ਮੌਜੂਦ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਹੋਸਟਲਾਂ ਤੇ ਪੀ. ਜੀ. ਨੂੰ 'ਪ੍ਰਾਪਰਟੀ ਟੈਕਸ' ਤੋਂ ਮਿਲ ਰਹੀ ਛੋਟ ਖਤਮ, ਨੋਟੀਫਿਕੇਸ਼ਨ ਜਾਰੀ

ਸੂਚਨਾ ਮਿਲੀ ਕਿ ਸੁਖਜੀਤ ਸਿੰਘ ਉਰਫ ਸੁੱਖੀ ਅਤੇ ਰਣਜੀਤ ਸਿੰਘ ਉਰਫ ਸੰਨੀ ਜਿਨ੍ਹਾਂ ਕੋਲ ਨਾਜਾਇਜ਼ ਅਸਲਾ ਐਮੋਨੇਸ਼ਨ ਹੈ, ਜੋ ਮੋਟਰਸਾਈਕਲ ’ਤੇ ਸ਼ਹਿਰ ਅੰਦਰ ਨੇੜੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਪਟਿਆਲਾ ਦੇ ਨੇੜੇ ਘੁੰਮ ਰਹੇ ਹਨ। ਉਨ੍ਹਾਂ ਕੋਲ ਨਾਜਾਇਜ਼ ਅਸਲਾ ਪਿਸਤੌਲ ਹੈ। ਉਹ ਕਿਸੇ ਵੀ ਸਮੇਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ, ਜਿਸ ’ਤੇ ਏ. ਐੱਸ. ਆਈ. ਚਰਨ ਸਿੰਘ ਨੇ ਨਾਕਾਬੰਦੀ ਕਰ ਕੇ ਚੈਕਿੰਗ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਮੋਟਰਸਾਈਕਲ ’ਤੇ 2 ਮੋਨੇ ਨੌਜਵਾਨ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਵੱਲੋਂ ਆ ਰਹੇ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ 5 ਲੱਖ ਦਾ ਚੈੱਕ ਭੇਂਟ

ਸ਼ੱਕ ਦੇ ਅਧਾਰ ’ਤੇ ਜਦੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਇਕਦਮ ਮੋਟਰਸਾਈਕਲ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੇ ਸੁਖਜੀਤ ਸਿੰਘ ਕੋਲੋਂ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਜਿਸ ’ਤੇ ਮੇਡ-ਇਨ-ਇੰਗਲੈਂਡ ਲਿਖਿਆ ਹੋਇਆ ਸੀ, ਸਮੇਤ 2 ਜ਼ਿੰਦਾ ਕਾਰਤੂਸ ਬਰਾਮਦ ਹੋਏ। ਦੋਹਾਂ ਖਿਲਾਫ ਥਾਣਾ ਤ੍ਰਿਪੜੀ ’ਚ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਐੱਸ. ਐੱਸ. ਪੀ. ਦੱਸਿਆ ਕਿ ਸੁਖਜੀਤ ਸਿੰਘ ਸੱਤਵੀਂ ਪਾਸ ਹੈ ਅਤੇ ਪੈਟਰੋਲ ਪੰਪ ’ਤੇ ਕੰਮ ਕਰਦਾ ਰਿਹਾ ਹੈ, ਜਦੋਂ ਕਿ ਰਣਜੀਤ ਸਿੰਘ ਦਸਵੀਂ ਪਾਸ ਹੈ ਅਤੇ ਪਹਿਲਾਂ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਹੁਣ ਵਿਹਲਾ ਹੈ।


 


Babita

Content Editor

Related News