ਨਡਾਲਾ 'ਚ ਵੱਡੀ ਵਾਰਦਾਤ, 2 ਨਕਾਬਪੋਸ਼ ਲੁਟੇਰਿਆਂ ਨੇ ਜਿਊਲਰ ਤੋਂ ਲੁੱਟੀ 35 ਲੱਖ ਰੁਪਏ ਦੀ ਨਕਦੀ
Friday, May 05, 2023 - 01:38 PM (IST)
ਕਪੂਰਥਲਾ/ਨਡਾਲਾ (ਭੂਸ਼ਣ, ਸ਼ਰਮਾ)- ਕਸਬਾ ਨਡਾਲਾ ਨੇੜੇ ਹੁਸ਼ਿਆਰਪੁਰ ਦੇ ਜਲਾਲਪੁਰ ਪਿੰਡ ਤੋਂ ਆ ਰਹੇ ਇਕ ਕਾਰ ਸਵਾਰ ਜਿਊਲਰ ਕੋਲੋਂ ਬੀਤੀ ਸ਼ਾਮ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਸੋਨੇ ਦੇ ਗਹਿਣੇ ਅਤੇ 35 ਲੱਖ ਰੁਪਏ ਦੀ ਨਕਦੀ ਲੁੱਟ ਲਈ। ਘਟਨਾ ਨੂੰ ਅੰਜਾਮ ਦੇ ਕੇ ਜਿੱਥੇ ਮੁਲਜ਼ਮ ਫਰਾਰ ਹੋ ਗਏ, ਉੱਥੇ ਹੀ ਥਾਣਾ ਸੁਭਾਨਪੁਰ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸੰਤੋਖ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਗੇਟ ਭਗਤਾਂ ਵਾਲਾ ਅਮ੍ਰਿਤਸਰ ਹਾਲ ਵਾਸੀ ਜਲਾਲਪੁਰ ਥਾਣਾ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਆਪਣੀ ਪਤਨੀ ਬਲਵਿੰਦਰ ਕੌਰ ਅਤੇ ਬੱਚਿਆਂ ਨਾਲ ਕਾਰ ’ਚ ਸਵਾਰ ਹੋ ਕੇ ਜਲਾਲਪੁਰ ਤੋਂ ਹੁੰਦਾ ਹੋਇਆ ਨਡਾਲਾ-ਢਿੱਲਵਾਂ ਰੋਡ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਇਸੇ ਦੌਰਾਨ ਸੰਤੋਖ ਸਿੰਘ ਦੇ ਅੱਗੇ ਇਕ ਹੋਰ ਕਾਰ ਜਾ ਰਹੀ ਸੀ, ਜਿਸਦੇ ਚਾਲਕ ਨੇ ਇਕਦਮ ਨਾਲ ਕਾਰ ਦੀ ਬ੍ਰੇਕ ਲਗਾ ਦਿੱਤੀ ਤੇ ਸੰਤੋਖ ਸਿੰਘ ਦੀ ਪਤਨੀ ਦੇ ਹੱਥ 35 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਪਰਸ ਤੇ ਸੋਨੇ ਦੇ ਜੇਵਰ ਖੋਹ ਲਏ। ਪਿਸਤੌਲ ਦੀ ਨੋਕ ’ਤੇ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਨਕਾਬਪੋਸ਼ ਮੁਲਜ਼ਮ ਫਰਾਰ ਹੋ ਗਏ। ਫਰਾਰ ਹੋਏ ਮੁਲਜ਼ਮਾਂ ਦੀ ਕਾਰ ਦਾ ਨੰਬਰ ਪੀ. ਬੀ.-65-ਏ.ਬੀ.-2606 ਪੀਡ਼ਤ ਨੇ ਨੋਟ ਕਰ ਲਿਆ, ਜਿਸ ’ਤੇ ਸਵਾਰ ਹੋ ਕੇ ਲੁਟੇਰੇ ਮੌਕੇ ’ਤੇ ਪੁੱਜੇ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਘਟਨਾ ਦੀਆਂ ਖ਼ੌਫ਼ਨਾਕ ਤਸਵੀਰਾਂ ਆਈਆਂ ਸਾਹਮਣੇ
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ.) ਹਰਵਿੰਦਰ ਸਿੰਘ, ਐੱਸ. ਐੱਚ. ਓ. ਸੁਭਾਨਪੁਰ ਇੰਸਪੈਕਟਰ ਹਰਦੀਪ ਸਿੰਘ, ਐੱਸ. ਐੱਚ. ਓ. ਬੇਗੋਵਾਲ ਇੰਸਪੈਕਟਰ ਦੀਪਕ ਸ਼ਰਮਾ ਤੇ ਐੱਸ. ਐੱਚ. ਓ. ਢਿਲਵਾਂ ਗੌਰਵ ਧੀਰ ਮੌਕੇ ’ਤੇ ਪੁੱਜੇ ਤੇ ਪੀੜਤ ਸੰਤੋਖ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉੱਥੇ ਹੀ ਮਾਮਲੇ ਦੀ ਜਾਂਚ ’ਚ ਜੁਟੀ ਪੁਲਸ ਟੀਮ ਦਾ ਮੰਨਣਾ ਹੈ ਕਿ ਇਹ ਮਾਮਲਾ ਕਿਤੇ ਨਾ ਕਿਤੇ ਸ਼ੱਕੀ ਲੱਗਦਾ ਹੈ, ਜਿਸ ਨੂੰ ਲੈ ਕੇ ਪੁਲਸ ਟੀਮ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਮਾਮਲੇ ਦਾ ਖ਼ੁਲਾਸਾ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਪੁਲਸ ਦੀ ਵੱਡੀ ਕਾਰਵਾਈ, ਸੁਰਜਨ ਚੱਠਾ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ