ਜਲੰਧਰ: 6 ਦਿਨ ਲੁੱਟਾਂਖੋਹਾਂ, ਸਿਰਫ਼ ਛੱਡਿਆ ਵੀਰਵਾਰ ਦਾ ਦਿਨ, ਲੁਟੇਰਿਆਂ ਦੇ ਤਰੀਕੇ ਨੂੰ ਜਾਣ ਪੁਲਸ ਵੀ ਹੋਈ ਹੈਰਾਨ

Saturday, Feb 04, 2023 - 02:35 PM (IST)

ਜਲੰਧਰ: 6 ਦਿਨ ਲੁੱਟਾਂਖੋਹਾਂ, ਸਿਰਫ਼ ਛੱਡਿਆ ਵੀਰਵਾਰ ਦਾ ਦਿਨ, ਲੁਟੇਰਿਆਂ ਦੇ ਤਰੀਕੇ ਨੂੰ ਜਾਣ ਪੁਲਸ ਵੀ ਹੋਈ ਹੈਰਾਨ

ਜਲੰਧਰ (ਮਹੇਸ਼)- ਭੋਗਪੁਰ, ਆਦਮਪੁਰ, ਪਤਾਰਾ, ਗੋਰਾਇਆ, ਬਿਲਗਾ, ਨਕੋਦਰ, ਲਾਂਬੜਾ ਅਤੇ ਫਗਵਾੜਾ ਥਾਣਿਆਂ ਦੇ ਇਲਾਕਿਆਂ ’ਚ ਹੋਈਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ’ਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਦਿਹਾਤੀ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਹਲਕਾ ਆਦਮਪੁਰ ਦੇ ਡੀ. ਐੱਸ. ਪੀ. ਸਰਬਜੀਤ ਰਾਏ ਦੇ ਦਿਸ਼ਾ-ਨਿਰਦੇਸ਼ਾਂ ’ਤੇ ਥਾਣਾ ਪਤਾਰਾ ਦੇ ਇੰਚਾਰਜ ਹਰਿੰਦਰ ਸਿੰਘ ਅਤੇ ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਹਰਦੀਪ ਸਿੰਘ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਲੁਟੇਰਿਆਂ ਦੇ ਕੰਮ ਕਰਨ ਦੇ ਤਰੀਕੇ ਨੂੰ ਜਾਣ ਕੇ ਪੁਲਸ ਵੀ ਹੈਰਾਨ ਰਹਿ ਗਈ। ਲੁਟੇਰੇ ਸਿਰਫ਼ ਵੀਰਵਾਰ ਦਾ ਦਿਨ ਛੱਡਦੇ ਸਨ ਅਤੇ ਬਾਕੀ 6 ਦਿਨ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। 

ਜੰਡੂ ਸਿੰਘਾ ਪੁਲਸ ਚੌਕੀ ’ਚ ਪੱਤਰਕਾਰਾਂ ਨੂੰ ਉਕਤ ਜਾਣਕਾਰੀ ਦਿੰਦਿਆਂ ਆਦਮਪੁਰ ਦੇ ਡੀ. ਐੱਸ. ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਅਮਰਜੀਤ ਸਿੰਘ ਜੋਜੋ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਜੈਤੇਵਾਲੀ, ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਅਤੇ ਬੰਟੀ ਪੁੱਤਰ ਰਾਜ ਕੁਮਾਰ ਵਾਸੀ ਰਾਮਾ ਮੰਡੀ ਵਜੋਂ ਹੋਈ ਹੈ, ਜਦਕਿ ਇਨ੍ਹਾਂ ਦੇ 2 ਹੋਰ ਸਾਥੀ ਗੁਰਪ੍ਰੀਤ ਸਿੰਘ ਗੋਪੀ ਅਤੇ ਤਰਨਦੀਪ ਸਿੰਘ ਸ਼ੀਬਾ ਦੋਵੇਂ ਵਾਸੀ ਪਿੰਡ ਨੰਗਲ ਸ਼ਾਮਾ ਜ਼ਿਲ੍ਹਾ ਜਲੰਧਰ ਫਰਾਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਰਾਏ ਨੇ ਦੱਸਿਆ ਕਿ ਫੜੇ ਗਏ ਲੁਟੇਰਿਆਂ ਨੇ 2 ਦਰਜਨ ਤੋਂ ਵੱਧ ਵਾਰਦਾਤਾਂ ਕਬੂਲੀਆਂ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਲੁਟੇਰਿਆਂ ਦੇ ਕਬਜ਼ੇ ’ਚੋਂ 5 ਮੋਟਰਸਾਈਕਲ, 12 ਮੋਬਾਇਲ ਫੋਨ, ਨਕਲੀ ਪਿਸਤੌਲ, 3 ਗੈਸ ਸਿਲੰਡਰ, 10 ਪਰਸ, 8 ਏ. ਟੀ. ਐੱਮ. ਕਾਰਡ, 3 ਪੈਨ ਕਾਰਡ, 8 ਆਧਾਰ ਕਾਰਡ, 3 ਆਰ. ਸੀ. ਅਤੇ 7 ਲਾਇਸੈਂਸ ਜ਼ਬਤ ਕੀਤੇ ਹਨ। ਦੋਸ਼ੀਆਂ ਖ਼ਿਲਾਫ਼ ਜ਼ਿਲ੍ਹਾ ਦਿਹਾਤੀ ਪੁਲਸ ਦੇ ਵੱਖ-ਵੱਖ ਥਾਣਿਆਂ ’ਚ ਚੋਰੀ ਤੇ ਲੁੱਟ-ਖੋਹ ਦੇ ਕਈ ਕੇਸ ਦਰਜ ਹਨ। 2 ਫਰਵਰੀ ਨੂੰ ਜੰਡੂ ਸਿੰਘਾ ਚੌਕੀ ਦੀ ਪੁਲਸ ਵੱਲੋਂ ਕਾਬੂ ਕੀਤੇ ਗਏ ਜੋਜੋ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਕਰੀਬ 1 ਹਫ਼ਤਾ ਪਹਿਲਾਂ ਉਸ ਨੇ ਪਤਾਰਾ ਥਾਣਾ ਅਧੀਨ ਪੈਂਦੇ ਪਿੰਡ ਢੱਡਾ ਤੋਂ ਇਕ ਸ਼ਰਾਬ ਦੀ ਦੁਕਾਨ ’ਤੇ ਜਾਅਲੀ ਪਿਸਤੌਲ ਵਿਖਾ ਕੇ 15 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਸੀ।

ਇਹ ਵੀ ਪੜ੍ਹੋ : ਜਲੰਧਰ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ ਅੱਜ, ਡਾਇਵਰਟ ਰਹੇਗਾ ਟਰੈਫਿਕ

PunjabKesari

ਉਸ ਨੇ ਗੁਰਪ੍ਰੀਤ ਸਿੰਘ ਗੋਪੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਨੇ ਦੱਸਿਆ ਕਿ ਉਸ ਦਾ ਇਕ ਹੋਰ ਸਾਥੀ ਤਰਨਦੀਪ ਸਿੰਘ ਸ਼ੀਬਾ ਵੀ ਹੈ। ਇਨ੍ਹਾਂ ਤਿੰਨਾਂ ਨੇ ਮਿਲ ਕੇ ਜਲੰਧਰ ’ਚ ਕਈ ਥਾਵਾਂ ’ਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਰਾਹਗੀਰਾਂ ਨੂੰ ਨਕਲੀ ਪਿਸਤੌਲ ਵਿਖਾ ਕੇ ਆਪਣਾ ਸ਼ਿਕਾਰ ਬਣਾਉਂਦੇ ਸਨ ਅਤੇ ਉਨ੍ਹਾਂ ਦੇ ਪਰਸ ਅਤੇ ਮੋਬਾਇਲ ਫੋਨ ਵੀ ਖੋਹ ਲੈਂਦੇ ਸਨ। ਉਹ ਲੁੱਟੇ ਗਏ ਮੋਬਾਇਲਾਂ ਨੂੰ ਰਾਮਾ ਮੰਡੀ ਦੇ ਰਹਿਣ ਵਾਲੇ ਬੰਟੀ ਅਤੇ ਸ਼ੰਟੀ ਨੂੰ ਵੇਚ ਦਿੰਦੇ ਸਨ। ਡੀ. ਐੱਸ. ਪੀ. ਰਾਏ ਨੇ ਦੱਸਿਆ ਕਿ ਪੁਲਸ ਨੇ ਜੋਜੋ ਦੀ ਨਿਸ਼ਾਨਦੇਹੀ ’ਤੇ ਲੁੱਟੇ ਮੋਬਾਇਲ ਫੋਨ ਖ਼ਰੀਦਣ ਵਾਲੇ ਬੰਟੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜੋਜੋ ਨੇ ਗੋਪੀ ਅਤੇ ਸ਼ੀਬਾ ਨਾਲ ਮਿਲ ਕੇ ਕੀਤੀਆਂ ਹੋਰ ਵੀ ਕਈ ਵਾਰਦਾਤਾਂ ਦਾ ਖ਼ੁਲਾਸਾ ਕੀਤਾ ਹੈ। 30 ਦਸੰਬਰ ਨੂੰ ਭੋਗਪੁਰ ’ਚ ਇਕ ਸ਼ਰਾਬ ਦੇ ਠੇਕੇ ’ਤੇ ਲੁੱਟ ਹੋਈ ਸੀ ਤੇ ਇਸੇ ਇਲਾਕੇ ’ਚੋਂ ਇਕ ਡਿਸਕਵਰ ਮੋਟਰਸਾਈਕਲ ਚੋਰੀ ਹੋ ਗਿਆ ਸੀ।

ਜੌਹਲਾਂ ਗੇਟ ਨੇੜੇ ‘ਜਗ ਬਾਣੀ’ ਦੇ ਮੁਲਾਜ਼ਮ ਮਨਜੀਤ ਰਾਏ ਜੈਤੇਵਾਲੀ ਨੂੰ ਰਾਤ 1.30 ਵਜੇ ਘੇਰ ਕੇ ਉਸ ਕੋਲੋਂ ਨਕਦੀ ਅਤੇ ਮੋਬਾਇਲ ਫੋਨ ਖੋਹ ਲਿਆ ਸੀ। ਗੋਪੀ ਨੇ ਤੱਲ੍ਹਣ ਸਾਹਿਬ ਗੁਰਦੁਆਰੇ ਤੋਂ ਇਕੱਲੇ ਨੇ ਚਿੱਟੇ ਰੰਗ ਦੀ ਐਕਟਿਵਾ ਚੋਰੀ ਕੀਤੀ ਸੀ। ਪਿੰਡ ਕੰਗਣੀਵਾਲ ਦੇ ਮੋੜ ’ਤੇ ਸਕੂਟਰੀ ਸਵਾਰ ਤੋਂ 1200 ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨ ਖੋਹਿਆ ਸੀ। ਬਾਥ ਕੈਸਲ ਨੇੜੇ ਪਰਾਗਪੁਰ ਜੀ. ਟੀ. ਰੋਡ ’ਤੇ ਢਾਬੇ ਵਾਲੇ ਵਿਅਕਤੀ ਤੋਂ 800 ਰੁਪਏ ਖੋਹੇ। 9 ਜਨਵਰੀ ਨੂੰ ਨਕੋਦਰ ’ਚ ਬੀਰ ਪਿੰਡ ਤੋਂ ਸਿੱਧਵਾਂ ਨੂੰ ਜਾਂਦੀ ਸੜਕ ’ਤੇ ਇਕ ਮੋਟਰਸਾਈਕਲ ਸਵਾਰ ਨੂੰ ਨਕਲੀ ਪਿਸਤੌਲ ਵਿਖਾ ਕੇ ਇਕ ਮੋਬਾਇਲ ਅਤੇ 35 ਹਜ਼ਾਰ ਰੁਪਏ ਖੋਹੇ ਸਨ। ਪਿੰਡ ਮਦਾਰਾਂ ਨੇੜੇ 31 ਜਨਵਰੀ ਨੂੰ ਇਕ ਵਿਅਕਤੀ ਤੋਂ 2 ਮੋਬਾਇਲ ਫ਼ੋਨ ਤੇ 6200 ਰੁਪਏ ਖੋਹੇ ਸਨ। ਤੱਲ੍ਹਣ ਰੋਡ ’ਤੇ ਪਿੰਡ ਪੂਰਨਪੁਰ ਦੇ ਪੈਲੇਸ ਨੇੜੇ 2 ਪ੍ਰਵਾਸੀ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਕੇ 2 ਮੋਬਾਇਲ ਖੋਹੇ ਸਨ। 2 ਫਰਵਰੀ ਨੂੰ ਜੀ. ਟੀ. ਰੋਡ ਗੋਰਾਇਆ ਤੋਂ ਮੋਟਰਸਾਈਕਲ ਸਵਾਰ ਤੋਂ ਉਸ ਦਾ ਮੋਟਰਸਾਈਕਲ, ਮੋਬਾਇਲ ਅਤੇ ਨਕਦੀ ਖੋਹ ਲਈ। ਇਸੇ ਦਿਨ ਪਿੰਡ ਚੂਹੜਵਾਲੀ ਨੇੜੇ ਇਕ ਮੋਟਰਸਾਈਕਲ ਸਵਾਰ ਨੂੰ ਦਾਤਰ ਵਿਖਾ ਕੇ ਉਸ ਦਾ ਪਰਸ ਖੋਹ ਲਿਆ ਸੀ। ਡੀ. ਐੱਸ. ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਪੁਲਸ ਲਈ ਉਨ੍ਹਾਂ ਦੇ ਫਰਾਰ ਸਾਥੀਆਂ ਤੱਕ ਪੁੱਜਣਾ ਆਸਾਨ ਹੋ ਜਾਵੇ। ਪੁਲਸ ਨੂੰ ਉਨ੍ਹਾਂ ਕੋਲੋਂ ਹੋਰ ਬਰਾਮਦਗੀ ਦੀ ਉਮੀਦ ਹੈ।

ਇਹ ਵੀ ਪੜ੍ਹੋ : ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਕੈਦੀ ਦੇ ਹੈਰਾਨੀਜਨਕ ਕਾਰੇ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ

ਵੀਰਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਕਰਦੇ ਸਨ ਵਾਰਦਾਤਾਂ
ਪੁੱਛਗਿੱਛ ਦੌਰਾਨ ਅਮਰਜੀਤ ਸਿੰਘ ਜੋਜੋ ਨੇ ਦੱਸਿਆ ਹੈ ਕਿ ਉਹ ਵੀਰਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ 6 ਦਿਨ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਵੀਰਵਾਰ ਵਾਲੇ ਦਿਨ ਪੀਰਾਂ ਦੀ ਜਗ੍ਹਾ ’ਤੇ ਮੱਥਾ ਟੇਕਣ ਲਈ ਜਾਂਦੇ ਸਨ ਅਤੇ ਸਾਰਾ ਦਿਨ ਉੱਥੇ ਹੀ ਬਿਤਾਉਂਦੇ ਸਨ। ਜੋਜੋ ਨੇ ਦੱਸਿਆ ਕਿ ਉਹ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਲੁੱਟੇ ਗਏ ਪੈਸਿਆਂ ਨਾਲ ਇੰਨਜੁਆਏ ਵੀ ਕਰਦੇ ਸਨ। ਵਾਰਦਾਤਾਂ ਕਰਨ ਲਈ ਉਨ੍ਹਾਂ ਕੋਲ ਹਰ ਸਮੇਂ ਨਕਲੀ ਪਿਸਤੌਲ ਅਤੇ ਦਾਤਰ ਹੁੰਦਾ ਸੀ।

ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News