ਨਸ਼ੇ ਦੀ ਓਵਰਡੋਜ਼ ਨਾਲ 2 ਸਕੇ ਭਰਾਵਾਂ ਦੀ ਮੌਤ
Friday, Sep 27, 2019 - 11:31 PM (IST)

ਲੁਧਿਆਣਾ, (ਗੌਤਮ)— ਰਾਹੋਂ ਰੋਡ 'ਤੇ ਇੰਦਰਾ ਕਾਲੋਨੀ 'ਚ ਵੀਰਵਾਰ ਨੂੰ 2 ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਦੋਵੇਂ ਭਰਾਵਾਂ ਦੀ ਹਾਲਤ ਵਿਗੜਣ 'ਤੇ ਸੀ. ਐੱਮ. ਸੀ. ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਹੈ। ਜਦਕਿ ਪਰਿਵਾਰ ਦੇ ਲੋਕਾਂ ਦਾ ਕਹਿਨਾ ਹੈ ਕਿ ਦੋਵਾਂ ਦੀ ਮੌਤ ਡਿਪਰੈਸ਼ਨ ਕਾਰਣ ਹੋਈ ਹੈ। ਪਰਿਵਾਰ ਦੇ ਲੋਕਾਂ ਨੇ ਡਰ ਦੇ ਕਾਰਨ ਨਾ ਤਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਨਾ ਹੀ ਪੋਸਟਮਾਰਟਮ ਕਰਵਾਇਆ।
ਜ਼ਿਕਰਯੋਗ ਹੈ ਕਿ ਇਸੇ ਇਲਾਕੇ 'ਚ ਪਹਿਲਾਂ ਵੀ ਨਸ਼ੇ ਦੀ ਓਵਰਡੋਜ਼ ਕਾਰਨ ਗੋਪਾਲ ਨਗਰ 'ਚ ਰਹਿਣ ਵਾਲੇ ਦੋ ਸਕੇ ਭਰਾਵਾਂ ਅਤੇ ਦੋ ਹੋਰ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਲਾਕੇ ਦੇ ਲੋਕਾਂ 'ਚ ਰੋਸ ਹੈ ਕਿ ਨਸ਼ਾ ਸਮੱਗਲਰ ਇਸ ਇਲਾਕੇ 'ਚ ਸ਼ਰੇਆਮ ਨਸ਼ਾ ਵੇਚਦੇ ਹਨ। ਜਾਣਕਾਰੀ ਅਨੁਸਾਰ ਮਰਨ ਵਾਲੇ ਦੋਵੇਂ ਭਰਾ ਇਕ 35 ਸਾਲਾ ਵਿਆਹਿਆ ਸੀ ਅਤੇ ਦੂਜਾ 33 ਸਾਲਾ ਕੁਆਰਾ ਸੀ। ਲੋਕਾਂ ਨੇ ਦੱਸਿਆ ਕਿ ਦੋਵੇਂ ਭਰਾ ਨਸ਼ਾ ਕਰਨ ਦੇ ਆਦੀ ਸਨ।