ਗਲੀ ''ਚ ਬੂਹਾ ਲਾਉਣ ਨੂੰ ਲੈ ਕੇ ਭਿੜੀਆਂ 2 ਧਿਰਾਂ, ਸਰਕਾਰੀ ਅਧਿਕਾਰੀਆਂ ਨਾਲ ਕੀਤਾ ਗਾਲੀ-ਗਲੌਚ

10/24/2019 4:12:22 PM

ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਨਜ਼ਦੀਕੀ ਪਿੰਡ ਜੋਧਪੁਰ 'ਚ ਗਲੀ 'ਚ ਬੂਹਾ ਲਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਗੱਲ ਕੁੱਟਮਾਰ ਤੱਕ ਪੁੱਜ ਗਈ। ਇਸ ਬਾਰੇ ਜਦੋਂ ਸਰਕਾਰੀ ਅਧਿਕਾਰੀਆਂ ਨੇ ਦੋਹਾਂ ਧਿਰਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਨਾਲ ਵੀ ਗਾਲੀ-ਗਲੋਚ ਕੀਤਾ ਗਿਆ। ਸਿਰਫ ਇੰਨਾ ਹੀ ਨਹੀਂ, ਇਕ ਔਰਤ ਦੇ ਕੱਪੜੇ ਵੀ ਫਾੜ ਦਿੱਤੇ ਗਏ। ਜਦੋਂ ਥਾਣਾ ਸਦਰ ਦੀ ਪੁਲਸ ਨੂੰ ਪਤਾ ਲੱਗਿਆ ਤਾਂ ਪੁਲਸ ਨੇ ਦੋਹਾਂ ਧਿਰਾਂ ਦੇ ਵਿਅਕਤੀਆਂ ਨੂੰ ਥਾਣੇ ਅੰਦਰ ਬੰਦ ਕਰ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪੂਰਨ ਸਿੰਘ ਨਾਂ ਦੇ ਵਿਅਕਤੀ ਦਾ ਪਰਿਵਾਰ ਬਹੁਤ ਗੁੰਡਾਗਰਦੀ ਕਰਦਾ ਹੈ ਅਤੇ ਇਸ ਪਰਿਵਾਰ ਨੇ ਸ਼ਰੇਆਮ ਇਕ ਔਰਤ ਦੇ ਕੱਪੜੇ ਵੀ ਫਾੜ ਦਿੱਤੇ।

ਇਸ ਘਟਨਾ 'ਤੇ ਬੋਲਦਿਆਂ ਗੁਰੂ ਗਿਆਨ ਨਾਥ ਵਾਲਮੀਕ ਸੰਸਥਾ ਦੇ ਲੋਕਾਂ ਨੇ ਕਿਹਾ ਕਿ ਪਿੰਡ ਜੋਧਪੁਰ 'ਚ ਇਕ ਗਰੀਬ ਪਰਿਵਾਰ ਦੇ ਘਰ ਨੇੜਿਓਂ ਸਰਕਾਰੀ ਗਲੀ ਲੰਘਦੀ ਹੈ, ਜਿੱਥੇ ਦੂਜੀ ਧਿਰ ਵਲੋਂ ਜ਼ਬਰਦਸਤੀ ਦਰਵਾਜ਼ਾ ਲਾਇਆ ਜਾ ਰਿਹਾ ਸੀ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਅਧਿਕਾਰੀ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਦੂਜੀ ਧਿਰ ਸਰਕਾਰੀ ਅਧਿਕਾਰੀਆਂ ਦੇ ਵੀ ਗਲੇ ਪੈ ਗਈ ਅਤੇ ਉਨ੍ਹਾਂ 'ਤੇ ਇੱਟਾਂ-ਰੋੜੇ ਮਾਰਨ ਲੱਗ ਪਈ। ਜਦੋਂ ਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਇਹ ਗਲੀ ਸਰਕਾਰੀ ਨਹੀਂ, ਸਗੋਂ ਉਨ੍ਹਾਂ ਨੇ ਖੁਦ ਇੱਥੇ ਇੱਟਾਂ ਲਾਈਆਂ ਹਨ। ਫਿਲਹਾਲ ਪੁਲਸ ਵਲੋਂ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


Babita

Edited By Babita