ਪੰਜਾਬ 'ਚ ਕੋਰੋਨਾ ਆਫ਼ਤ ਦੌਰਾਨ 2 ਆਨਲਾਈਨ ਹੁਨਰ ਵਿਕਾਸ ਪ੍ਰੋਗਰਾਮਾਂ ਦੀ ਸ਼ੁਰੂਆਤ

Tuesday, Jul 21, 2020 - 04:24 PM (IST)

ਪੰਜਾਬ 'ਚ ਕੋਰੋਨਾ ਆਫ਼ਤ ਦੌਰਾਨ 2 ਆਨਲਾਈਨ ਹੁਨਰ ਵਿਕਾਸ ਪ੍ਰੋਗਰਾਮਾਂ ਦੀ ਸ਼ੁਰੂਆਤ

ਚੰਡੀਗੜ੍ਹ : ਕੋਵਿਡ-19 ਦੇ ਵੱਧ ਰਹੇ ਫੈਲਾਅ ਨੂੰ ਦੇਖਦਿਆਂ ਰੋਜ਼ਗਾਰ ਖੇਤਰ 'ਚ ਮੌਜੂਦਾ ਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਵਿਸ਼ਵ ਵਿਆਪੀ ਉਦਯੋਗ ਲਈ ਹੁਨਰ ਦੀਆਂ ਲੋੜਾਂ ਅਤੇ ਮੰਗ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਹੁਨਰ ਸਿਖਲਾਈ ਦੇਣ ਲਈ ਵੱਖ-ਵੱਖ ਵਿਧੀਆਂ ਰਾਹੀਂ ਉਪਰਾਲੇ ਕਰਨ ਬਾਰੇ ਸੰਭਾਵਨਾਵਾਂ ਤਲਾਸ਼ ਰਹੀ ਹੈ। ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉੱਤਪਤੀ ਤੇ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਜਾਰੀ ਬਿਆਨ 'ਚ ਕਿਹਾ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਕੋਵਿਡ ਮਹਾਮਾਰੀ ਦੇ ਦੌਰ 'ਚ ਵੀ ਹੁਨਰ ਸਿਖਲਾਈ ਦੇਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਪਹਿਲ ਕੀਤੀ ਹੈ ਅਤੇ ਸੂਬੇ ਦੇ ਨੌਜਵਾਨਾਂ ਨੂੰ ਆਨਲਾਈਨ ਹੁਨਰ ਸਿਖਲਾਈ ਦੇਣ ਲਈ ਦੋ ਕਿੱਤਾ/ਰੋਜ਼ਗਾਰ ਮੁੱਖੀ ਕੋਰਸ ਪਾਇਲਟ ਪ੍ਰਾਜੈਕਟਾਂ ਵਜੋਂ ਸ਼ੁਰੂ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਕੋਵਿਡ ਮਹਾਮਾਰੀ ਕਾਰਨ ਭਾਰਤ ਸਰਕਾਰ ਵੱਲੋਂ ਨਿੱਜੀ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਦੇ ਮੁਤਾਬਕ ਨੌਜਾਵਾਨਾਂ ਨੂੰ ਅਦਾਰਿਆਂ 'ਚ ਨਹੀਂ ਬੁਲਾਇਆ ਜਾ ਸਕਦਾ। ਇਸੇ ਤਰ੍ਹਾਂ ਹੁਨਰ ਵਿਕਾਸ ਸਿਖਲਾਈ ਲਈ ਵੀ ਨੌਜਵਾਨਾਂ ਨੂੰ ਅਦਾਰਿਆਂ 'ਚ ਨਹੀਂ ਬੁਲਾਇਆ ਜਾ ਸਕਦਾ ਪਰ ਇਸ ਸਭ ਦੇ ਬਾਵਜੂਦ ਘਰਾਂ 'ਚ ਬੈਠੇ ਨੌਜਵਾਨ ਹੁਨਰ ਸਿਖਲਾਈ ਲਈ ਮੌਕੇ ਤਲਾਸ਼ ਰਹੇ ਹਨ ਤਾਂ ਜੋ ਉਹ ਮੌਜੂਦਾ ਸਥਿਤੀ 'ਚ ਕਾਰਜਸ਼ੀਲ ਉਦਯੋਗਾਂ 'ਚ ਰੋਜ਼ਗਾਰ ਹਾਸਲ ਕਰ ਸਕਣ।
ਚੰਨੀ ਨੇ ਕਿਹਾ ਕਿ ਪੀ. ਐਸ. ਡੀ. ਐਮ ਨੇ ਲੌਜਿਸਟਿਕਸ ਅਤੇ ਟੈਲੀਕਾਮ ਸੈਕਟਰਾਂ 'ਚ ਆਨਲਾਈਨ ਸਿਖਲਾਈ ਕੋਰਸ ਸ਼ੁਰੂ ਕੀਤੇ ਹਨ, ਜੋ ਸੂਚੀਬੱਧ ਭਾਈਵਾਲਾਂ ਮੈਸਰਜ਼ ਸੇਫਐਜ਼ੂਕੇਟ ਅਤੇ ਮੈਸਰਜ਼ ਓਰੀਅਨ ਐਜ਼ੂਟੈਕ ਨੇ ਲੌਜਿਸਟਿਕਸ ਅਤੇ ਟੈਲੀਕਾਮ ਸੈਕਟਰ 'ਚ ਆਨਲਾਈਨ ਹੁਨਰ ਸਿਖਲਾਈ ਪ੍ਰੋਗਾਰਮ ਸ਼ੁਰੂ ਕੀਤੇ ਹਨ। ਇਨ੍ਹਾਂ ਦੋਹਾਂ ਕੋਰਸਾਂ 'ਚ ਪੰਜਾਬ ਦੇ ਸ਼ਹਿਰੀ ਗਰੀਬ 200 ਉਮੀਦਵਾਰਾਂ ਨੂੰ ਪ੍ਰਤੀ ਕੋਰਸ ਸਿਖਲਾਈ ਦਿੱਤੀ ਜਾਵੇਗੀ।
ਮੰਤਰੀ ਨੇ ਅੱਗੇ ਕਿਹਾ ਕਿ ਕੋਰਸ ਦੀ ਸਿਖਲਾਈ ਸਮੱਗਰੀ ਰਾਸ਼ਟਰੀ ਹੁਨਰ ਯੋਗਤਾ ਫਰੇਮਵਰਕ (ਐਨ. ਐਸ. ਕਿਊ. ਐਫ) ਅਤੇ ਨੌਕਰੀ ਦੀਆਂ ਲੋੜਾਂ ਮੁਤਾਬਕ ਹੈ। ਸਾਰੇ 400 ਉਮੀਦਵਾਰਾਂ ਦੀ ਲਾਮਬੰਦੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਪੀ. ਐਸ. ਡੀ. ਐਮ. ਦੇ ਜ਼ਿਲ੍ਹਾ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਰਾਹੀਂ ਕੀਤੀ ਗਈ ਹੈ। ਚੰਨੀ ਨੇ ਅੱਗੇ ਕਿਹਾ ਕਿ ਦੋਹਾਂ ਕੋਰਸਾਂ 'ਚ ਉਮੀਦਵਾਰਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੋਰ ਸੈਕਟਰ ਵੀ ਆਨਲਾਈਨ ਸਿਖਲਾਈ 'ਚ ਸ਼ਾਮਲ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਆਪਣੇ ਘਰਾਂ 'ਚ ਰਹਿ ਕੇ ਹੁਨਰਮੰਦ ਬਣਨ ਤੇ ਰੋਜ਼ਗਾਰ ਦੇ ਖੇਤਰ 'ਚ ਕੋਵਿਡ-19 ਤੋਂ ਬਾਅਦ ਦੀਆਂ ਚੁਣੌਤੀਆਂ ਨੂੰ ਸਰ ਕਰਕੇ ਨੌਕਰੀਆਂ ਹਾਸਲ ਕਰ ਸਕਣ।
 


author

Babita

Content Editor

Related News