3 ਮੋਟਰਸਾਈਕਲਾਂ ਸਮੇਤ 2 ਕਾਬੂ, 2 ਫਰਾਰ

02/11/2018 2:41:28 AM

ਮੋਗਾ,   (ਆਜ਼ਾਦ)- ਮੋਗਾ ਪੁਲਸ ਵੱਲੋਂ ਵ੍ਹੀਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਉਕਤ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ, ਜਦਕਿ ਦੋ ਭੱਜਣ 'ਚ ਸਫਲ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਕਿਵੇਂ ਆਏ ਗਿਰੋਹ ਦੇ ਮੈਂਬਰ ਕਾਬੂ
ਸੀ. ਆਈ. ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਦਾਣਾ ਮੰਡੀ ਜਲਾਲਾਬਾਦ ਪੂਰਬੀ ਕੋਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਜਾਣਕਾਰੀ ਮਿਲੀ ਕਿ ਹਰਵਿੰਦਰ ਸਿੰਘ ਉਰਫ ਸੋਨੀ ਨਿਵਾਸੀ ਪਿੰਡ ਫਤਿਹਗੜ੍ਹ ਕੋਰੋਟਾਣਾ, ਬਾਜ ਸਿੰਘ, ਲਖਵੀਰ ਸਿੰਘ ਨਿਵਾਸੀ ਜਲਾਲਾਬਾਦ ਪੂਰਬੀ ਅਤੇ ਰਵੀ ਨਿਵਾਸੀ ਮੋਗਾ, ਜੋ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ ਅਤੇ ਉਨ੍ਹਾਂ ਨੂੰ ਚੋਰੀ ਕਰਨ ਦੇ ਬਾਅਦ ਅੱਗੇ ਵੇਚ ਦਿੰਦੇ ਹਨ, ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ, ਜਿਸ 'ਤੇ ਪੁਲਸ ਪਾਰਟੀ ਨੇ ਛਾਪਾਮਾਰੀ ਕਰ ਕੇ ਹਰਵਿੰਦਰ ਸਿੰਘ ਉਰਫ ਸੋਨੀ ਅਤੇ ਬਾਜ ਸਿੰਘ ਨੂੰ ਜਾ ਦਬੋਚਿਆ ਅਤੇ ਉਨ੍ਹਾਂ ਕੋਲੋਂ ਚੋਰੀ ਦੇ 3 ਮੋਟਰਸਾਈਕਲ ਬਰਾਮਦ ਕੀਤੇ, ਜਦਕਿ ਉਨ੍ਹਾਂ ਦੇ 2 ਸਾਥੀ ਲਖਵੀਰ ਸਿੰਘ ਤੇ ਰਵੀ ਪੁਲਸ ਦੇ ਕਾਬੂ ਨਹੀਂ ਆ ਸਕੇ। 
ਸੀ. ਆਈ. ਏ. ਇੰਚਾਰਜ ਨੇ ਦੱਸਿਆ ਕਿ ਪੁੱਛਗਿੱਛ ਸਮੇਂ ਦੋਸ਼ੀਆਂ ਨੇ ਦੱਸਿਆ ਕਿ ਇਕ ਮੋਟਰਸਾਈਕਲ ਉਨ੍ਹਾਂ 17 ਅਗਸਤ, 2017 ਨੂੰ ਨੇਚਰ ਪਾਰਕ ਕੋਲੋਂ ਚੋਰੀ ਕੀਤਾ ਸੀ, ਜੋ ਨਵਦੀਪ ਕੁਮਾਰ ਨਿਵਾਸੀ ਕ੍ਰਿਸ਼ਨਾ ਨਗਰ ਦਾ ਹੈ। ਇਸ ਸਬੰਧ 'ਚ ਪੁਲਸ ਪਾਰਟੀ ਨੇ ਉਸ ਨੂੰ ਸੂਚਿਤ ਕੀਤਾ ਤਾਂ ਜੋ ਮਾਣਯੋਗ ਅਦਾਲਤ ਰਾਹੀਂ ਉਹ ਆਪਣਾ ਮੋਟਰਸਾਈਕਲ ਲਿਜਾ ਸਕੇ। 


Related News