ਬਠਿੰਡਾ ਜੇਲ ਫਿਰ ਸੁਰਖੀਆਂ ''ਚ, ਤਲਾਸ਼ੀ ਦੌਰਾਨ 2 ਮੋਬਾਇਲ ਬਰਾਮਦ

03/04/2020 8:59:58 AM

ਬਠਿੰਡਾ (ਬਾਂਸਲ) : ਬਠਿੰਡਾ ਦੀ ਹਾਈ ਸਕਿਓਰਿਟੀ ਕੇਂਦਰੀ ਜੇਲ ਉਸ ਸਮੇਂ ਫਿਰ ਵਿਵਾਦਾਂ 'ਚ ਆ ਗਈ, ਜਦੋਂ ਤਲਾਸ਼ੀ ਦੌਰਾਨ ਜੇਲ 'ਚੋਂ 2 ਮੋਬਾਇਲ ਫੋਨ, ਸਿਮ ਕਾਰਡ ਅਤੇ ਬੈਟਰੀ ਬਰਾਮਦ ਹੋਈ। ਹਾਲਾਂਕਿ ਹਰ 2-3 ਦਿਨਾਂ ਬਾਅਦ ਜੇਲ 'ਚੋਂ ਮੋਬਾਇਲ ਬਰਾਮਦ ਹੁੰਦੇ ਹਨ ਪਰ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ। ਦੱਸਣਯੋਗ ਹੈ ਕਿ ਜੇਲ 'ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੇਂਦਰੀ ਜੇਲ 'ਚ ਸੀ. ਆਰ. ਪੀ. ਐੱਫ. ਦੀ ਤਾਇਨਾਤੀ ਤੋਂ ਬਾਅਦ ਵੀ ਕਰੀਬ ਰੋਜ਼ਾਨਾ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਇਲ ਫੋਨ ਬਰਾਮਦ ਕੀਤੇ ਜਾ ਰਹੇ ਹਨ। ਜੇਲ 'ਚ ਬੰਦ ਕੈਦੀ ਬੇਖੌਫ ਹੋ ਕੇ ਮੋਬਾਇਲ ਫੋਨ ਦਾ ਇਸਤੇਮਾਲ ਕਰ ਰਹੇ ਹਨ।
ਨਵੰਬਰ 'ਚ ਸੀ. ਆਰ. ਪੀ. ਐੱਫ. ਨੂੰ ਦਿੱਤੀ ਸੀ ਜ਼ਿੰਮੇਵਾਰੀ
ਪੰਜਾਬ ਦੀਆਂ ਜੇਲਾਂ 'ਚ ਬੰਦ ਗੈਂਗਸਟਰਾਂ ਅਤੇ ਕੈਦੀਆਂ ਤੋਂ ਰੋਜ਼ਾਨਾ ਮਿਲਦੇ ਮੋਬਾਇਲ ਫੋਨਾਂ ਤੇ ਨਸ਼ਿਆਂ ਨੂੰ ਦੇਖਦੇ ਹੋਏ ਸੂਬੇ ਦੀਆਂ ਜੇਲਾਂ ਦੀ ਸੁਰੱਖਿਆ ਦਾ ਜ਼ਿੰਮਾ ਸੀ. ਆਰ. ਪੀ. ਐੱਫ. ਨੂੰ ਸੌਂਪ ਦਿੱਤਾ ਗਿਆ ਸੀ। ਇਸ ਦੇ ਤਹਿਤ ਬੀਤੀ 27 ਨਵੰਬਰ, 2019 ਨੂੰ ਬਠਿੰਡਾ ਸੈਂਟਰਲ ਜੇਲ 'ਚ ਵੀ ਸੀ. ਆਰ. ਪੀ. ਐੱਫ. ਦੀ ਇਕ ਕੰਪਨੀ ਤਾਇਨਾਤ ਕਰ ਦਿੱਤੀ ਗਈ ਸੀ। 135 ਜਵਾਨਾਂ ਵਾਲੀ ਇਸ ਕੰਪਨੀ ਦੇ 64 ਜਵਾਨਾਂ ਨੂੰ ਜੇਲ ਦੇ ਵੱਖ-ਵੱਖ ਹਿੱਸਿਆਂ 'ਚ ਤਾਇਨਾਤ ਕੀਤਾ ਗਿਆ ਸੀ। ਜੇਲ ਅੰਦਰ ਆਉਣ ਅਤੇ ਜਾਣ ਵਾਲੇ ਹਰ ਕੈਦੀ ਦੀ ਤਲਾਸ਼ੀ ਵੀ ਸੀ. ਆਰ. ਪੀ. ਐੱਫ. ਜਵਾਨਾਂ ਵਲੋਂ ਲਈ ਜਾਂਦੀ ਹੈ। ਇਸ ਦੇ ਬਾਵਜੂਦ ਜੇਲ 'ਚੋਂ ਬਰਾਮਦ ਹੋਏ ਉਕਤ ਮੋਬਾਇਲ ਕਿਸ ਨੇ ਅਤੇ ਕਿਵੇਂ ਪਹੁੰਚਾਏ, ਇਹ ਇਕ ਰਹੱਸ ਬਣਿਆ ਹੋਇਆ ਹੈ।


Babita

Content Editor

Related News