ਕਿਰਾਏ ਦੀ ਕੋਠੀ 'ਚ ਛਾਪ ਰਹੇ ਸੀ 'ਨਕਲੀ ਨੋਟ', ਪੁਲਸ ਦੇਖ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

Wednesday, Sep 16, 2020 - 08:58 AM (IST)

ਪਾਤੜਾਂ (ਚੋਪੜਾ) : ਪਾਤੜਾਂ ਪੁਲਸ ਨੇ ਸ਼ਹਿਰ ਦੀ ਸੁੰਦਰ ਬਸਤੀ ’ਚ ਇਕ ਕੋਠੀ ਅੰਦਰ ਚੱਲ ਰਹੇ ਜਾਅਲੀ ਕਰੰਸੀ ਬਣਾਉਣ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪਾਤੜਾ ਸਿਟੀ ਪੁਲਸ ਇੰਚਾਰਜ ਹਰਸ਼ਵੀਰ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਸੁੰਦਰ ਬਸਤੀ ’ਚੋਂ ਕੋਠੀ ਅੰਦਰ ਜਾਅਲੀ ਨੋਟ ਤਿਆਰ ਕਰਨ ਦਾ ਧੰਦਾ ਕਰਦੇ 2 ਵਿਅਕਤੀਆਂ ਨੂੰ 11,300 ਰੁਪਏ ਦੀ ਜਾਅਲੀ ਕਰੰਸੀ ਅਤੇ 2 ਪ੍ਰਿੰਟਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 'PRTC' ਦੇ 'ਰੋਡਵੇਜ਼' 'ਚ ਰਲੇਵੇਂ ਲਈ ਖਿੱਚੀ ਤਿਆਰੀ, ਫ਼ੈਸਲਾ ਅੱਜ

ਇਨ੍ਹਾਂ ਦੇ 3 ਹੋਰ ਸਾਥੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਘੱਟ ਰੇਟ ’ਤੇ ਅਸਲੀ ਕਰੰਸੀ ਲੈ ਕੇ ਜਾਅਲੀ ਕਰੰਸੀ ਲੋਕਾਂ ਨੂੰ ਵੇਚ ਕੇ ਠੱਗੀ ਮਾਰਦੇ ਸਨ। ਇਨ੍ਹਾਂ ਕਿਰਾਏ ’ਤੇ ਕੋਠੀ ਲੈ ਕੇ ਉਸ ’ਚ ਜਾਅਲੀ ਕਰੰਸੀ ਤਿਆਰ ਕਰਨ ਲਈ ਪ੍ਰਿੰਟਰ ਮਸ਼ੀਨਾਂ ਅਤੇ ਹੋਰ ਸਾਮਾਨ ਰੱਖਿਆ ਹੋਇਆ ਸੀ। ਜਦੋਂ ਪੁਲਸ ਨੇ ਛਾਪਾ ਮਾਰਿਆ ਤਾਂ ਉਸ ਸਮੇਂ ਵੀ ਕੋਠੀ ’ਚ ਜਾਅਲੀ ਕਰੰਸੀ ਤਿਆਰ ਕੀਤਾ ਜਾ ਰਹੀ ਸੀ।

ਇਹ ਵੀ ਪੜ੍ਹੋ : ਖੇਤੀ ਆਰਡੀਨੈਂਸਾਂ ਖਿਲਾਫ਼ 17 ਨੂੰ ਬਾਦਲਾਂ 'ਤੇ ਟਰੈਕਟਰਾਂ ਨਾਲ ਧਾਵਾ ਬੋਲੇਗੀ 'ਆਪ'

ਅਚਾਨਕ ਪੁਲਸ ਨੂੰ ਦੇਖ ਕੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਵਿਅਕਤੀਆਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਪੁਲਸ ਵੱਲੋਂ ਮੌਕੇ ’ਤੇ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅਤਾਲਾ ਮੋੜ ਘੱਗਾ ਅਤੇ ਸਾਹਿਬ ਸਿੰਘ ਪੁੱਤਰ ਲੋਕ ਸਿੰਘ ਵਾਸੀ ਸੁੰਦਰ ਬਸਤੀ ਪਾਤੜਾਂ ਨੂੰ ਕਾਬੂ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੂੰ ਹੋਰ ਪੁੱਛਗਿੱਛ ਲਈ 2 ਦਿਨਾਂ ਦੇ ਰਿਮਾਂਡ ’ਤੇ ਮੁੜ ਪੁਲਸ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਚੱਕਾ ਜਾਮ, ਦੇਖੋ ਮੌਕੇ ਦੀਆਂ ਤਸਵੀਰਾਂ

ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਬਾਕੀ 3 ਸਾਥੀਆਂ ਨਿਰਮਲ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਸੁੰਦਰ ਬਸਤੀ ਪਾਤੜਾਂ, ਗੁੱਲੂ ਤੇ ਰਵੀ ਕੁਮਾਰ ਵਾਸੀਅਨ ਦਿੱਲੀ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।



 


Babita

Content Editor

Related News