ਹਥਿਆਰਾਂ ਦੀ ਨੋਕ ''ਤੇ ਬੈਂਕ ਲੁੱਟਣ ਵਾਲੇ ਗਿਰੋਹ ਦੇ 2 ਭਗੌੜੇ ਗ੍ਰਿਫਤਾਰ
Saturday, Jul 18, 2020 - 11:20 AM (IST)
ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਇੰਡੋਸੈਂਟ ਬੈਂਕ ਟਹਿਣਾ (ਫਰੀਦਕੋਟ) 'ਚੋਂ ਹਥਿਆਰਾਂ ਦੀ ਨੋਕ ’ਤੇ ਲੱਖਾਂ ਰੁਪਏ ਦੀ ਨਕਦੀ ਅਤੇ ਬੈਂਕ 'ਚ ਤਾਇਨਾਤ ਮੁਲਾਜ਼ਮ ਬੀਬੀਂ ਦੇ ਸੋਨੇ ਦੇ ਗਹਿਣੇ ਲੁੱਟਣ ਵਾਲੇ ਗਿਰੋਹ ਦੇ ਦੋ ਭਗੌੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਫੋਲਾ ਵਾਸੀ ਪਿੰਡ ਤਿਹਾੜਾ ਅਤੇ ਬਲਵਿੰਦਰ ਸਿੰਘ ਉਰਘ ਘੈਂਟੀ ਵਾਸੀ ਪਿੰਡ ਬਾਜੇਕੇ ਵਜੋਂ ਹੋਈ ਹੈ। ਦੋਸ਼ੀਆਂ ਕੋਲੋਂ ਬੈਂਕ 'ਚੋਂ ਲੁੱਟੀ ਗਈ ਨਕਦੀ ਅਤੇ ਲੁੱਟੇ ਗਏ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ।
ਧਰਮਕੋਟ ਦੇ ਡੀ. ਐੱਸ. ਪੀ. ਸੁਬੈਗ ਸਿੰਘ ਨੇ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਦੇ ਮੁੱਖ ਅਫਸਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਇੰਡੋਸੈਂਟ ਬੈਂਕ 'ਚ ਡਕੈਤੀ ਕਰਨ ਅਤੇ ਲੁੱਟਾਂ-ਖੋਹਾਂ ਦੀ ਯੋਜਨਾ ਬਣਾ ਰਹੇ ਗਿਰੋਹ ਦੇ ਮੈਂਬਰਾਂ ਗੁਰਵਿੰਦਰ ਸਿੰਘ ਉਰਫ਼ ਗੋਵਿੰਦਾ ਵਾਸੀ ਭਿੰਡਰ ਕਲਾਂ, ਬੱਬੂ ਨਿਵਾਸੀ ਪਿੰਡ ਜੀਂਦੜਾ ਵਾਸੀ ਪਿੰਡ ਜੀਂਦੜਾ, ਕਮਲਦੀਪ ਸਿੰਘ ਵਾਸੀ ਕੋਟਕਪੂਰਾ, ਪਲਵਿੰਦਰ ਸਿੰਘ ਉਰਫ ਹੈਪੀ ਵਾਸੀ ਪਿੰਡ ਕੈਲਾ, ਬਲਵਿੰਦਰ ਸਿੰਘ ਉਰਫ ਘੈਂਟੀ ਵਾਸੀ ਬਾਜੇਕੇ, ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਪਿੰਡ ਕੋਟ ਸਦਰ ਖਾਂ ਅਤੇ ਕੁਲਦੀਪ ਸਿੰਘ ਉਰਫ ਫੋਲਾ ਵਾਸੀ ਤਿਹਾੜਾ (ਸਿੱਧਵਾਂ ਬੇਟ) ਖ਼ਿਲਾਫ ਮਾਮਲਾ ਦਰਜ ਕਰਕੇ ਉਕਤ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ ਅਸਲਾ ਅਤੇ ਬੈਂਕ 'ਚੋਂ ਲੁੱਟੇ ਗਏ ਡੇਢ ਲੱਖ ਰੁਪਏ ਬਰਾਮਦ ਕੀਤੇ ਗਏ ਸਨ, ਜਦਕਿ ਕੁਲਦੀਪ ਸਿੰਘ ਫੋਲਾ ਅਤੇ ਬਲਵਿੰਦਰ ਸਿੰਘ ਉਰਫ ਘੈਂਟੀ ਪੁਲਸ ਦੇ ਕਾਬੂ ਨਹੀਂ ਸੀ ਆਏ, ਜਿਨ੍ਹਾਂ ਨੂੰ ਥਾਣਾ ਮੁਖੀ ਅਮਰਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕਰਕੇ ਉਨ੍ਹਾਂ ਕੋਲੋਂ ਬੈਂਕ 'ਚੋਂ ਲੁੱਟੀ ਗੀ 72 ਹਜ਼ਾਰ ਰੁਪਏ ਨਕਦੀ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ।
ਥਾਣਾ ਕੋਟ ਈਸੇ ਖਾਂ ਦੇ ਮੁੱਖ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਉਕਤ ਦੋਵਾਂ ਦਾ 3 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ, ਜਿਨ੍ਹਾਂ ਕੋਲੋਂ ਪੁੱਛ-ਗਿੱਛ ਦੌਰਾਨ ਹੋਰ ਵੀ ਕਈ ਵਾਰਦਾਤਾਂ ਦੇ ਅਹਿਮ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ, ਜਦਕਿ ਗਿਰੋਹ ਦੇ ਪਹਿਲਾਂ ਕਾਬੂ ਕੀਤੇ ਗਏ ਪੰਜ ਮੈਂਬਰ ਨਿਆਇਕ ਹਿਰਾਸਤ 'ਚ ਹਨ।